ਜ਼ਿਲ੍ਹਾ ਦਿਹਾਤੀ ਪੁਲੀਸ ਨੇ ਥਾਣਾ ਘਰਿੰਡਾ ਦੇ ਇਲਾਕੇ ਵਿੱਚ ਇੱਕ ਮੁਕਾਬਲੇ ਮਗਰੋਂ ਇੱਕ ਕਥਿਤ ਗੈਂਗਸਟਰ ਨੂੰ ਕਾਬੂ ਕੀਤਾ ਜੋ ਕੁਝ ਦਿਨ ਪਹਿਲਾਂ ਹਸਪਤਾਲ ਵਿੱਚੋਂ ਇਲਾਜ ਦੌਰਾਨ ਫਰਾਰ ਹੋ ਗਿਆ ਸੀ। ਇਸ ਤੋਂ ਪਹਿਲਾਂ ਵੀ ਇਸ ਨੂੰ ਥਾਣਾ ਲੋਪੋਕੇ ਦੇ ਇਲਾਕੇ ਵਿੱਚੋਂ ਇੱਕ ਮੁਕਾਬਲੇ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ।
ਪੁਲੀਸ ਮੁਕਾਬਲੇ ਦੌਰਾਨ ਜ਼ਖਮੀ ਹੋਏ ਮੁਲਜ਼ਮ ਮਨੀ ਪ੍ਰਿੰਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਇਸ ਮੁਲਜ਼ਮ ਦੀ ਸ਼ਨਾਖਤ ਮਨੀ ਪ੍ਰਿੰਸ ਉਰਫ ਮਨੀ ਸੂਰਮਾ ਵਜੋਂ ਹੋਈ ਹੈ। ਇਹ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਅਤੇ ਪੁਲੀਸ ਨੇ ਇਸ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਹੈ। ਇਸ ਸਬੰਧ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਅਤੇ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਪੁਲੀਸ ਨੂੰ ਅੱਜ ਜਾਣਕਾਰੀ ਮਿਲੀ ਸੀ ਕਿ ਮਨੀ ਪ੍ਰਿੰਸ ਥਾਣਾ ਘਰਿੰਡਾ ਦੇ ਇਲਾਕੇ ਵਿੱਚ ਹੈ ਜਿਸ ਤੋਂ ਬਾਅਦ ਪੁਲੀਸ ਵੱਲੋਂ ਇਸ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਚੈਕਿੰਗ ਸ਼ੁਰੂ ਕੀਤੀ ਗਈ। ਇਸ ਕਾਰਵਾਈ ਦੌਰਾਨ ਪੁਲੀਸ ਨੇ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਨਾਕੇ ਵਾਲਾ ਆਉਂਦਾ ਦੇਖਿਆ ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਮੋਟਰਸਾਈਕਲ ਮੋੜ ਲਿਆ ਤੇ ਭੱਜਣ ਦਾ ਯਤਨ ਕੀਤਾ। ਇਸ ਕਾਰਵਾਈ ਦੌਰਾਨ ਉਹ ਡਿੱਗ ਪਿਆ। ਉਸ ਨੇ ਗ੍ਰਿਫਤਾਰੀ ਤੋਂ ਬਚਣ ਵਾਸਤੇ ਪੁਲੀਸ ਪਾਰਟੀ ’ਤੇ ਗੋਲੀ ਚਲਾਈ। ਪੁਲੀਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਇਸ ਵਿਅਕਤੀ ਨੂੰ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ।

