ਗੈਂਗਸਟਰ ਜੋਬਨਜੀਤ ਸਿੰਘ ਬਿੱਲਾ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼; 8 ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜਿਆ
'ਅਪਰੇਸ਼ਨ ਨੋਮੈਡ ਹੰਟ' ਤਹਿਤ ਗੈਂਗਸਟਰ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਵਾਪਸ ਲਿਆਂਦਾ ਗਿਆ
ਪੰਜਾਬ ਪੁਲੀਸ ਨੇ ਸੋਮਵਾਰ ਨੂੰ ਇੰਡੋਨੇਸ਼ੀਆ ਤੋਂ ਵਾਪਸ ਲਿਆਂਦੇ ਗਏ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ (ਜੋ ਕਿ ਇੱਥੋਂ ਦੇ ਪਿੰਡ ਅਰਜਨ ਮੰਗਾ ਦਾ ਰਹਿਣ ਵਾਲਾ ਹੈ) ਨੂੰ ਬਾਬਾ ਬਕਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਅੱਗੇ ਦੀ ਪੁੱਛਗਿੱਛ ਲਈ ਉਸ ਨੂੰ ਅੱਠ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ 'ਅਪਰੇਸ਼ਨ ਨੋਮੈਡ ਹੰਟ' ਤਹਿਤ ਉਸ ਨੂੰ ਵਾਪਸ ਭਾਰਤ ਲਿਆਂਦਾ ਹੈ।
ਬਿੱਲਾ ਕਈ ਮਹੀਨਿਆਂ ਤੋਂ ਭਗੌੜਾ ਸੀ ਅਤੇ ਚਾਰ ਕਤਲ ਦੇ ਕੇਸਾਂ, ਕਤਲ ਦੀ ਕੋਸ਼ਿਸ਼, ਫਿਰੌਤੀ, ਅਸਲਾ ਐਕਟ (ਆਰਮਜ਼ ਐਕਟ) ਅਤੇ ਸੰਗਠਿਤ ਅਪਰਾਧ ਨਾਲ ਜੁੜੇ ਦੋਸ਼ਾਂ ਸਮੇਤ ਇੱਕ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੁਲੀਸ ਨੇ ਦੱਸਿਆ ਕਿ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਉਸ ਨੂੰ 20 ਜੁਲਾਈ ਨੂੰ ਜਕਾਰਤਾ ਕੌਮਾਂਤਰੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਡੋਨੇਸ਼ੀਆ ਵਿੱਚ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ, ਉਸ ਨੂੰ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ ਅਤੇ ਫਿਰ ਟਰਾਂਜ਼ਿਟ ਰਿਮਾਂਡ 'ਤੇ ਪੰਜਾਬ ਲਿਆਂਦਾ ਗਿਆ। ਜਾਂਚ ਅਧਿਕਾਰੀਆਂ ਨੇ ਇਹ ਵੀ ਪਤਾ ਲਾਇਆ ਹੈ ਕਿ ਮੁਲਜ਼ਮ ਨੇ ਕਥਿਤ ਤੌਰ 'ਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇੱਕ ਪਤੇ ਨਾਲ ਜੁੜੇ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪਾਸਪੋਰਟ ਪ੍ਰਾਪਤ ਕੀਤਾ ਸੀ।
ਪੁਲੀਸ ਉਸ ਦਾ ਫ਼ਰਜ਼ੀ ਪਾਸਪੋਰਟ ਤਿਆਰ ਕਰਨ ਵਾਲੇ ਦਿੱਲੀ ਅਤੇ ਯੂ ਪੀ ਸਥਿਤ ਗੈਂਗ ਦੇ ਮੈਂਬਰਾਂ ਦੀ ਪਛਾਣ ਕਰ ਰਹੀ ਹੈ। ਸ਼ੱਕ ਹੈ ਕਿ ਉਹ ਉਸੇ ਪਾਸਪੋਰਟ ਦੀ ਵਰਤੋਂ ਕਰਕੇ 2025 ਦੀ ਸ਼ੁਰੂਆਤ ਵਿੱਚ ਭਾਰਤ ਤੋਂ ਫ਼ਰਾਰ ਹੋ ਗਿਆ ਸੀ।
ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਦਾ ਮੁੱਖ ਕੇਂਦਰ ਉਸ ਦੇ ਗੈਂਗ ਦਾ ਨੈੱਟਵਰਕ ਹੋਵੇਗਾ। ਪੁਲੀਸ ਅੰਮ੍ਰਿਤਸਰ ਦੀ ਹੋਮਲੈਂਡ ਹਾਈਟਸ ਸੁਸਾਇਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਸਮੇਤ ਪੰਜਾਬ ਵਿੱਚ ਵੱਖ-ਵੱਖ ਅਪਰਾਧਿਕ ਘਟਨਾਵਾਂ ਨਾਲ ਉਸ ਦੇ ਕਥਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਬਿੱਲਾ ਦੀ ਗ੍ਰਿਫ਼ਤਾਰੀ ਬਾਰੇ ਸੂਚਨਾ ਦੇਣ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

