Gagandeep suicide case: laljit bhullar ਨੂੰ ਗ੍ਰਿਫ਼ਤਾਰ ਕਰੋ, ਨਹੀਂ ਤਾਂ ਬੱਚਿਆਂ ਸਣੇ ਸੜਕਾਂ ’ਤੇ ਬੈਠਾਂਗੀ: ਗਗਨਦੀਪ ਦੀ ਪਤਨੀ
ਗਗਨਦੀਪ ਦੇ ਪਰਿਵਾਰ ਨੇ ਪ੍ਰੈਸ ਕਾਰਫਰੰਸ ਕਰ ਕੇ laljit singh bhullar ਨੂੰ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰਨ ਲੲੀ ਕਿਹਾ
ਪੰਜਾਬ ਵੇਅਰਹਾਊਸ ਦੇ ਅਧਿਕਾਰੀ ਗਗਨਦੀਪ ਸਿੰਘ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਸ ਦੀ ਪਤਨੀ ਨੇ ਕਿਹਾ ਕਿ ਜੇ ਪੁਲੀਸ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਨਾਲ ਸੜਕਾਂ ’ਤੇ ਬੈਠ ਜਾਵੇਗੀ।
ਮ੍ਰਿਤਕ ਗਗਨਦੀਪ ਦੀ ਧੀ ਸੀਰਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਸੀ ਅਤੇ ਉਹ ਸਾਰੇ ਡੂੰਘੇ ਸਦਮੇ ਵਿਚ ਹਨ। ਇਸ ਤੋਂ ਇਲਾਵਾ ਗਗਨਦੀਪ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਮੰਤਰੀ ਤੋਂ ਬਹੁਤ ਤੰਗ ਸੀ ਤੇ ਉਸ ਦੇ ਲੜਕੇ ’ਤੇ ਬਹੁਤ ਦਬਾਅ ਪਾਇਆ ਗਿਆ ਜਿਸ ਕਾਰਨ ਉਨ੍ਹਾਂ ਦਾ ਪੁੱਤਰ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ। ਪਰਿਵਾਰ ਨੇ ਕਿਹਾ ਕਿ ਲਾਲਜੀਤ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਣਾ ਚਾਹੀਦਾ ਹੈ। 24 ਘੰਟੇ ਬਹੁਤ ਲੰਮਾ ਸਮਾਂ ਹੈ। ਉਸਨੂੰ ਹੁਣ ਤੱਕ ਗ੍ਰਿਫ਼ਤਾਰ ਕਰ ਲਿਆ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਇਹ ਇਕ ਗੈਰ-ਜ਼ਮਾਨਤੀ ਅਪਰਾਧ ਹੈ। ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕੋਲ ਕਾਲ ਰਿਕਾਰਡ ਨਹੀਂ ਹੈ ਪਰ ਫੋਰੈਂਸਿਕ ਜਾਂਚ ਨਾਲ ਇਸ ਦਾ ਖੁਲਾਸਾ ਹੋ ਸਕਦਾ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਗਗਨਦੀਪ ਦੀ ਪਤਨੀ ਉਪੇਂਦਰ ਕੌਰ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਨਿਰਧਾਰਤ ਸਮੇਂ ਅੰਦਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਪਰਿਵਾਰ ਪ੍ਰਦਰਸ਼ਨ ਕਰਨ ਲਈ ਸੜਕਾਂ ’ਤੇ ਆਉਣ ਵਾਸਤੇ ਮਜਬੂਰ ਹੋਵੇਗਾ। ਉਹਨਾਂ ਆਖਿਆ ਕਿ ਪਰਿਵਾਰ ਕੋਲ ਹੁਣ ਇਸ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਗਿਆ।
ਉਨ੍ਹਾਂ ਦੀ ਧੀ ਨੇ ਸੂਬਾ ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਆਖਿਆ ਕਿ ਜੇਕਰ ਕੋਈ ਆਮ ਵਿਅਕਤੀ ਹੁੰਦਾ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਣਾ ਸੀ, ਕਿਉਂਕਿ ਲਾਲਜੀਤ ਸਿੰਘ ਭੁੱਲਰ ਮੰਤਰੀ ਸਨ, ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।
ਇਸ ਦੌਰਾਨ ਗਗਨਦੀਪ ਰੰਧਾਵਾ ਦਾ ਜਹਿਰੀਲੀ ਚੀਜ਼ ਖਾਂਦੇ ਹੋਏ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਗਿਆ ਹੈ। ਇਹ ਉਨ੍ਹਾਂ ਦੇ ਘਰ ਦੇ ਵਰਾਂਡੇ ਦਾ ਹੈ ਜਿੱਥੇ ਉਹ ਤੜਕੇ ਪ੍ਰੇਸ਼ਾਨੀ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਹਨ ਅਤੇ ਫਿਰ ਕੋਈ ਚੀਜ਼ ਖਾ ਲੈਂਦੇ ਹਨ।
ਇਸ ਦੌਰਾਨ ਘਟਨਾ ਤੋਂ ਬਾਅਦ ਤੀਜੇ ਦਿਨ ਵੀ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਹੈ। ਪਰਿਵਾਰ ਮੰਤਰੀ ਸਮੇਤ ਉਨ੍ਹਾਂ ਸਾਰੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜਿਆ ਹੋਇਆ ਹੈ, ਜਿਨ੍ਹਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵੀਡੀਓ ਸੁਨੇਹੇ ਰਾਹੀ ਆਖਿਆ ਕਿ ਬੀਜੇਪੀ ਉਸ ਵੇਲੇ ਤੱਕ ਸੰਘਰਸ਼ ਕਰਦੀ ਰਹੇਗੀ ਜਦੋਂ ਤੱਕ ਪੀੜਤ ਪਰਿਵਾਰ ਨੂੰ ਨਿਆ ਨਹੀਂ ਮਿਲਦਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਲਾਲਜੀਤ ਸਿੰਘ ਭੁੱਲਰ ਦਾ ਅਸਤੀਫਾ ਦੋ ਦਿਨ ਬਾਅਦ ਗਵਰਨਰ ਹਾਊਸ ਭੇਜਿਆ ਗਿਆ ਹੈ, ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਆਪਣੇ ਆਗੂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਲੈ ਕੇ ਭਾਜਪਾ ਅੱਜ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਧਰਨੇ ਦੇਵੇਗੀ ਅਤੇ ਸ਼ਾਮ ਨੂੰ ਉਹ ਅੰਮ੍ਰਿਤਸਰ ਵਿਚ ਪੀੜਤ ਪਰਿਵਾਰ ਨੂੰ ਮਿਲਣ ਲਈ ਆਉਣਗੇ ਤਾਂ ਕਿ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਹੌਸਲਾ ਦਿੱਤਾ ਜਾ ਸਕੇ।

