ਸਾਬਕਾ ਆਈ ਏ ਐੱਸ ਅਧਿਕਾਰੀ Gurdev Singh Brar ਦਾ ਦੇਹਾਂਤ
1984 Amritsar DC: ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਵਿਚ ਫੌਜਾਂ ਦਾਖਲ ਹੋਣ ਦੀ ਨਹੀਂ ਦਿੱਤੀ ਸੀ ਇਜਾਜ਼ਤ; ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਸਮੇਤ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਨ ਪ੍ਰਧਾਨ
Gurdev Singh IAS: ਫਰੀਦਕੋਟ ਦੇ ਵਸਨੀਕ ਅਤੇ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਗੁਰਦੇਵ ਸਿੰਘ 1984 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਨੂੰ ਹਰਿਮੰਦਰ ਸਾਹਿਬ ਜਾਣ ਲਈ ਆਗਿਆ ਨਹੀਂ ਦਿੱਤੀ ਸੀ ਜਿਸ ਕਰ ਕੇ ਭਾਰਤ ਸਰਕਾਰ ਨੇ ਉਨ੍ਹਾਂ ਦੀ ਅੰਮ੍ਰਿਤਸਰ ਤੋਂ ਬਦਲੀ ਕਰ ਦਿੱਤੀ ਸੀ ਪਿਛਲੇ ਕੁਝ ਸਮੇਂ ਤੋਂ ਉਹ ਫਰੀਦਕੋਟ ਛੱਡ ਕੇ ਚੰਡੀਗੜ੍ਹ ਰਹਿ ਰਹੇ ਸਨ। ਅੱਜ ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਦਸ਼ਮੇਸ਼ ਸਿੱਖਿਆ ਸੰਸਥਾਵਾਂ ਫਰੀਦਕੋਟ ਨੇ ਭਲਕ ਦੀ ਛੁੱਟੀ ਦਾ ਐਲਾਨ ਕੀਤਾ ਹੈ। ਉਹ ਦਸ਼ਮੇਸ਼ ਸਿੱਖਿਆਵਾਂ ਸੰਸਥਾਵਾਂ ਦੇ ਪ੍ਰਧਾਨ ਸਨ।
ਗੁਰਦੇਵ ਸਿੰਘ ਦਾ ਚੰਡੀਗੜ੍ਹ ਨਾਲ ਸਬੰਧ
ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਆਈਏਐਸ ਅਧਿਕਾਰੀ ਗੁਰਦੇਵ ਸਿੰਘ ਬਰਾੜ ਦਾ ਅੱਜ ਦੇਹਾਂਤ ਹੋ ਗਿਆ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੀ ਪ੍ਰਬੰਧਕੀ ਸੰਸਥਾ ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਅਗਵਾਈ ਕਰ ਰਹੇ ਸਨ।
ਗੁਰਦੇਵ ਸਿੰਘ ਬਰਾੜ ਦੀ ਅਗਵਾਈ ਹੇਠ ਸਿੱਖ ਐਜੂਕੇਸ਼ਨਲ ਸੁਸਾਇਟੀ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਵਿਦਿਅਕ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਚੰਡੀਗੜ੍ਹ, ਸਿੱਖ ਨੈਸ਼ਨਲ ਕਾਲਜ ਬੰਗਾ, ਸਿੱਖ ਨੈਸ਼ਨਲ ਕਾਲਜ ਕਾਦੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਫਾਰਮੇਸੀ ਸ਼ਾਮਲ ਹਨ। ਸੁਸਾਇਟੀ ਦੇ ਪ੍ਰਬੰਧਕੀ ਵੇਰਵਿਆਂ ਅਨੁਸਾਰ ਉਹ 2004 ਤੋਂ ਇਸ ਦੇ ਪ੍ਰਧਾਨ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਦੀ ਦੀ ਸਥਾਪਨਾ 1966 ਵਿੱਚ ਕੀਤੀ ਗਈ ਸੀ ਅਤੇ ਇਹ ਪੰਜਾਬ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਸੰਸਥਾ ਹੈ।
ਗੁਰਦੇਵ ਸਿੰਘ ਬਰਾੜ ਦਾ ਚੰਡੀਗੜ੍ਹ ਦੀ ਵਿਦਿਅਕ ਸੰਸਥਾਵਾਂ ਨਾਲ ਲੰਮਾ ਸਬੰਧ ਰਿਹਾ।
ਗੁਰਦੇਵ ਸਿੰਘ ਬਰਾੜ ਦਾ ਨਾਂ 1984 ਦੇ ਅੰਮ੍ਰਿਤਸਰ ਨਾਲ ਜੁੜੇ ਘਟਨਾਕ੍ਰਮ ਕਾਰਨ ਵੀ ਚਰਚਾ ਵਿੱਚ ਰਿਹਾ। ਉਹ ਜੂਨ 1984 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਨ। 4 ਜੂਨ 1984 ਨੂੰ ਰਮੇਸ਼ ਇੰਦਰ ਸਿੰਘ ਨੇ ਉਨ੍ਹਾਂ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਚਾਰਜ ਸੰਭਾਲਿਆ ਸੀ। ਗੁਰਦੇਵ ਸਿੰਘ ਬਰਾੜ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਫੌਜੀ ਕਾਰਵਾਈ ਲਈ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪਰਿਵਾਰ, ਸਹਿਯੋਗੀਆਂ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਨਾਲ ਜੁੜੇ ਵਿਦਿਅਕ ਅਦਾਰਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਡਾ. ਇੰਦਰਪਾਲ ਸਿੰਘ ਸਿੱਧੂ ਅਤੇ ਡਾ. ਜਗਤਾਰ ਸਿੰਘ ਨੇ ਗੁਰਦੇਵ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

