ਬੀਐੱਸਐੱਫ, ਏਐੱਨਟੀਐੱਫ ਤੇ ਪੁਲੀਸ ਦੀ ਸਾਂਝੀ ਕਾਰਵਾਈ ’ਚ ਪੰਜ ਵਿਅਕਤੀ ਹੈਰੋਇਨ ਸਮੇਤ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜੂਨ
ਬੀਐੱਸਐੱਫ ਤੇ ਏਐੱਨਟੀਐੱਫ (ਐਂਟੀ ਨਾਰਕੋਟਿਕਸ ਟਾਸਕ ਫੋਰਸ) ਨੇ ਵੱਖ ਵੱਖ ਥਾਵਾਂ ’ਤੇ ਕੀਤੇ ਦੋ ਸਾਂਝੇ ਆਪਰੇਸ਼ਨਾਂ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਵਿੰਗ ਦੀ ਜਾਣਕਾਰੀ ਦੇ ਅਧਾਰ ’ਤੇ ਪਿਛਲੇ 24 ਘੰਟਿਆਂ ਦੌਰਾਨ ਬੀਐੱਸਐੱਫ, ਏਐੱਨਟੀਐੱਫ ਅਤੇ ਪੰਜਾਬ ਪੁਲੀਸ ਨੇ ਦੋ ਵੱਖ-ਵੱਖ ਥਾਵਾਂ ’ਤੇ ਸਾਂਝੇ ਆਪਰੇਸ਼ਨਾਂ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਇੱਕ ਸਾਂਝਾ ਆਪਰੇਸ਼ਨ ਬੀਤੀ ਸ਼ਾਮ ਖਾਸਾ ਨੇੜੇ ਕੀਤਾ ਗਿਆ, ਜਿੱਥੇ ਹੈਰੋਇਨ ਦੀ ਡਲਿਵਰੀ ਦੇ ਮਾਮਲੇ ਵਿੱਚ ਦੋ ਸ਼ੱਕੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਕੋਲੋਂ 313 ਗ੍ਰਾਮ ਦਾ ਹੈਰੋਇਨ ਦਾ ਇੱਕ ਪੈਕੇਟ ਵੀ ਬਰਾਮਦ ਕੀਤਾ ਹੈ। ਇਨ੍ਹਾਂ ਕੋਲੋਂ ਦੋ ਮੋਬਾਈਲ ਫੋਨ, ਇੱਕ ਮੋਟਰਸਾਈਕਲ ਅਤੇ ਇੱਕ ਕਾਰ ਵੀ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀ ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਅਤੇ ਜੰਡਿਆਲਾ ਗੁਰੂ ਦੇ ਵਸਨੀਕ ਹਨ। ਕਾਬੂ ਕੀਤੇ ਵਿਅਕਤੀਆਂ ਨੂੰ ਅਗਲੇਰੀ ਜਾਂਚ ਵਾਸਤੇ ਅਤੇ ਕਾਨੂੰਨੀ ਕਾਰਵਾਈ ਲਈ ਏਐੱਨਟੀਐੱਫ ਨੂੰ ਸੌਂਪ ਦਿੱਤਾ ਹੈ।
ਦੂਜਾ ਆਪਰੇਸ਼ਨ ਵੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤਾ ਗਿਆ। ਬੀਐੱਸਐੱਫ ਅਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਨੇ ਅਜਨਾਲਾ ਖੇਤਰ ਦੇ ਇਲਾਕੇ ਵਿੱਚ ਇੱਕ ਭਗੌੜੇ ਵਿਅਕਤੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤਾ ਗਏ ਇਹ ਵਿਅਕਤੀ ਮਲਕਪੁਰ, ਰਾਏਪੁਰ ਤੇ ਕਰੋਲੀਆਂ ਦੇ ਵਸਨੀਕ ਹਨ ਅਗਲੇਰੀ ਜਾਂਚ ਵਾਸਤੇ ਇਨ੍ਹਾਂ ਨੂੰ ਅਜਨਾਲਾ ਥਾਣੇ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।