ਆਈਸ ਡਰੱਗ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਪੰਜ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲੀਸ ਨੇ ਹਥਿਆਰਾਂ ਤੇ ਨਸ਼ੇ ਦੀ ਖੇਪ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਖੂਫੀਆ ਜਾਣਕਾਰੀ ਤਹਿਤ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਆਈਸ...
ਅੰਮ੍ਰਿਤਸਰ ਪੁਲੀਸ ਨੇ ਹਥਿਆਰਾਂ ਤੇ ਨਸ਼ੇ ਦੀ ਖੇਪ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਖੂਫੀਆ ਜਾਣਕਾਰੀ ਤਹਿਤ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਆਈਸ ਡਰੱਗ ਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਸਤਨਾਮ ਸਿੰਘ ਉਰਫ਼ ਬਿੰਦੀ ਵਾਸੀ ਪਿੰਡ ਕੱਕੜ, ਰਮਨ ਵਾਸੀ ਇੰਦਰਾ ਕਲੋਨੀ, ਅੰਮ੍ਰਿਤਸਰ , ਚਿਰਾਗ ਤੇ ਰਿਸ਼ਭ ਦੋਵੇਂ ਵਾਸੀ ਖਜ਼ਾਨਾ ਗੇਟ, ਅੰਮ੍ਰਿਤਸਰ ਅਤੇ ਵੈਭਵ ਵਾਸੀ ਬਾਬਾ ਦੀਪ ਸਿੰਘ ਇਨਕਲੇਵ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਨੇ ਇਹਨਾਂ ਦੇ ਕੋਲੋਂ 523 ਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ 2 ਪਿਸਤੌਲਾਂ ਗਲੋਕ 9 ਐੱਮ.ਐੱਮ. ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਐਨਡੀਪੀਐਸ ਐਕਟ ਅਤੇ 25/54/59 ਅਸਲਾ ਐਕਟ ਹੇਠ ਪੁਲੀਸ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਪਰਾਧਿਕ ਤੱਤਾਂ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਗਸ਼ਤ ਅਤੇ ਤਲਾਸ਼ੀ ਮੁਹਿੰਮਾਂ ਦੌਰਾਨ ਪੁਲੀਸ ਟੀਮਾਂ ਨੇ ਸਤਨਾਮ ਸਿੰਘ ਉਰਫ ਬਿੰਦੀ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਤਲਾਸ਼ੀ ਦੌਰਾਨ 523 ਗ੍ਰਾਮ ਆਈਸ (ਮੈਥਾਮਫੇਟਾਮਾਈਨ) ਅਤੇ ਦੋ ਗਲੋਕ 9mm ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਪੁੱਛਗਿੱਛ ਦੌਰਾਨ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਬਰਾਮਦ ਕੀਤੀ ਆਈਸ ਡਰੱਗ ਰਮਨ, ਚਿਰਾਗ, ਰਿਸ਼ਭ ਅਤੇ ਵੈਭਵ ਨੂੰ ਸਪਲਾਈ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਉਰਫ ਬਿੰਦੀ ਸਿਗਨਲ ਐਪ ਰਾਹੀਂ ਆਸਟ੍ਰੇਲੀਆ ਸਥਿਤ ਢਿੱਲੋਂ ਨਾਮਕ ਇੱਕ ਹੈਂਡਲਰ ਦੇ ਸਿੱਧੇ ਸੰਪਰਕ ਵਿੱਚ ਸੀ। ਹੈਂਡਲਰ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਲਈ ਡਰੱਗ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲਈ ਤਾਲਮੇਲ ਕਰਦਾ ਸੀ। ਉਹਨਾਂ ਦੱਸਿਆ ਕਿ ਆਸਟ੍ਰੇਲੀਆਈ ਹੈਂਡਲਰ ਸਿਰਫ ਪਛਾਣ ਵੇਰਵੇ ਹੀ ਸਾਂਝੇ ਕਰਦਾ ਸੀ ਅਤੇ ਇਹ ਯਕੀਨੀ ਬਣਾਉਂਦਾ ਸੀ ਕਿ ਸਪਲਾਇਰ ਅਤੇ ਪ੍ਰਾਪਤਕਰਤਾ ਇੱਕ ਦੂਜੇ ਨੂੰ ਨਾ ਜਾਣਦੇ ਹੋਣ।
ਦੱਸਣਯੋਗ ਹੈ ਕਿ ਆਈਸ ਡਰੱਗ (ਮੇਥਾਮਫੇਟਾਮਾਈਨ) ਹੈਰੋਇਨ ਨਾਲੋਂ ਲਗਪਗ ਪੰਜ ਗੁਣਾ ਜ਼ਿਆਦਾ ਮਹਿੰਗਾ ਹੈ।

