ਸਥਾਨਕ ਗਊਸ਼ਾਲਾ ਰੋਡ 'ਤੇ ਸਥਿਤ ਕਸ਼ਿਸ਼ ਬਿਊਟੀ ਪਾਰਲਰ ’ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖਮੀ ਮਹਿਲਾ ਦੇ ਸਹੁਰੇ ਸਰਵਨ ਕੁਮਾਰ ਨੇ ਦੱਸਿਆ ਉਸ ਦੇ ਪੁੱਤਰ ਕੁਲਦੀਪ ਕੁਮਾਰ ਦੀ ਅਤੇ ਨੂੰਹ ਦੀ ਆਪਣੇ ਘਰ ਦੇ ਬਾਹਰ ਹੀ ਮੋਬਾਈਲਾਂ ਤੇ ਪਾਰਲਰ ਦੀਆਂ ਦੁਕਾਨਾਂ ਹਨ। ਉਸ ਦੀ ਨੂੰਹ ਆਪਣੇ ਪਾਰਲਰ ਵਿਚ ਘਰ ਅੰਦਰੋਂ ਰਸਤੇ ਤੋਂ ਦੁਕਾਨ ਵਿੱਚੋਂ ਕੁਝ ਸਮਾਂ ਲੈਣ ਗਈ ਤਾਂ ਬਾਹਰੋਂ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਦੁਕਾਨ ਦੇ ਬੰਦ ਸ਼ਟਰ ਵਿੱਚ ਗੋਲੀਆਂ ਮਾਰੀਆਂ ਜਿਸ ਵਿਚੋਂ ਇਕ ਗੋਲੀ ਸ਼ਟਰ ਪਾੜ ਕੇ ਉਸ ਦੀ ਨੂੰਹ ਦੀ ਲੱਤ ਵਿੱਚ ਵੱਜੀ। ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਗੁਆਂਢੀ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਬਚਾਅ ਵਾਸਤੇ ਗੋਲੀਆਂ ਚਲਾਈਆਂ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਤੁਰੰਤ ਪੁਲੀਸ ਵੀ ਮੌਕੇ ਉਪਰ ਆ ਗਈ। ਉਨ੍ਹਾਂ ਦੀ ਨੂੰਹ ਨੂੰ ਤੁਰੰਤ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਰਵਨ ਕੁਮਾਰ ਨੇ ਦੱਸਿਆ ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਫਿਰੌਤੀ ਲਈ ਫੋਨ ਉਪਰ ਧਮਕੀਆਂ ਵੀ ਆ ਰਹੀਆਂ ਸਨ ਤੇ ਉਨ੍ਹਾਂ ਨੇ ਪੁਲੀਸ ਨੂੰ ਵੀ ਇਸਦੀ ਸੂਚਨਾ ਦਿੱਤੀ ਹੋਈ ਸੀ।
ਗੋਲੀਬਾਰੀ ਦੀ ਘਟਨਾ ਕਾਰਨ ਵਾਸੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਇੱਕ ਸਰਾਫ ਦੀ ਦੁਕਾਨ ਉੱਪਰ ਵੀ ਗੋਲੀਆਂ ਚੱਲੀਆਂ ਸਨ। ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਪਹੁੰਚੇ ਤੇ ਸੀਸੀਟੀਵੀ ਕੈਮਰਿਆਂ ਰਾਹੀਂ ਜਾਂਚ ਕੀਤੀ।

