ਅੰਮ੍ਰਿਤਸਰ ਨਿਗਮ ਮੀਟਿੰਗ ’ਚ ਪੰਜਾਹ ਪ੍ਰਾਜੈਕਟਾਂ ਨੂੰ ਪ੍ਰਵਾਨਗੀ

ਨਿਗਮ ਹਾਊਸ ਦੀ ਇਮਾਰਤ ਦੇ ਬਕਾਏ ਦੀ ਰਕਮ ਦਾ ਮਾਮਲਾ ਉਭਰਿਆ

ਅੰਮ੍ਰਿਤਸਰ ਨਿਗਮ ਮੀਟਿੰਗ ’ਚ ਪੰਜਾਹ ਪ੍ਰਾਜੈਕਟਾਂ ਨੂੰ ਪ੍ਰਵਾਨਗੀ

ਅੰਮ੍ਰਿਤਸਰ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਕਰਦੇ ਹੋਏ ਮੇਅਰ, ਕੌਂਸਲਰ ਤੇ ਹੋਰ।

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 14 ਦਸੰਬਰ

ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਵਿਚ ਲਗਪਗ 50 ਤੋਂ ਵੱਧ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੁਝ ਪ੍ਰਾਜੈਕਟਾਂ ਬਾਰੇ ਸੰਖੇਪ ਚਰਚਾ ਵੀ ਹੋਈ ਹੈ ਤੇ ਉਨ੍ਹਾਂ ਨੂੰ ਅਗਲੀ ਮੀਟਿੰਗ ਵਿਚ ਵਿਚਾਰਨ ਲਈ ਰੱਖ ਲਿਆ ਗਿਆ ਹੈ। ਇਸ ਦੌਰਾਨ ਨਿਗਮ ਹਾਊਸ ਦੇ ਕਿਰਾਏ ਅਤੇ ਬਿਜਲੀ ਬਿੱਲ ਦੀ ਰਕਮ ਦੇ ਭੁਗਤਾਨ ਬਾਰੇ ਵੀ ਚਰਚਾ ਹੋਈ ਹੈ। ਇਸ ਨੂੰ ਮੀਟਿੰਗ ਦੇ ਏਜੰਡੇ ਵਿੱਚ ਰੱਖਿਆ ਗਿਆ ਹੈ। ਅਗਾਂਹ ਪਾ ਦਿੱਤੇ ਮਤਿਆਂ ਵਿਚ ਸਫ਼ਾਈ ਕਰਮਚਾਰੀਆਂ ਅਤੇ ਬਾਗ਼ਬਾਨੀ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਨ ਸਣੇ ਸੜਕਾਂ ਦੀ ਮਕੈਨੀਕਲ ਸਫ਼ਾਈ ਕਰਨ ਦਾ ਠੇਕਾ ਦੇਣ ਆਦਿ ਮਤੇ ਸ਼ਾਮਲ ਹਨ।

ਇਸ ਦੌਰਾਨ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਮੀਟਿੰਗ ਦੀ ਰਸਮੀ ਸ਼ੁਰੂਆਤ ਕਰਦਿਆਂ ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਨ ਰਾਵਤ ਤੇ ਹੋਰਨਾਂ ਦੀ ਹੈਲੀਕਾਪਟਰ ਵਿਚ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਈ ਹੋਰ ਸ਼ਖ਼ਸੀਅਤਾਂ ਦੇ ਸਦੀਵੀਂ ਵਿਛੋੜੇ ’ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਮੇਅਰ ਸ੍ਰੀ ਰਿੰਟੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੁਝ ਮਤਿਆਂ ਨੂੰ ਛੱਡ ਕੇ ਬਾਕੀ ਸਾਰੇ ਵਿਕਾਸ ਕਾਰਜਾਂ ਨੂੰ ਸਰਵ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਮੀਟਿੰਗ ਦੌਰਾਨ ਕੁਝ ਕੌਂਸਲਰਾਂ ਵੱਲੋਂ ਜ਼ੋਰ ਦੇਣ ’ਤੇ ਅੱਜ ਦੀ ਮੀਟਿੰਗ ਦੇ ਏਜੰਡੇ ਵਿਚ ਨਗਰ ਨਿਗਮ ਹਾਊਸ ਦੀ ਇਮਾਰਤ ਦਾ ਲਗਪਗ 74 ਲੱਖ ਰੁਪਏ ਦੇ ਬਕਾਏ ਬਿਲਾਂ ਦਾ ਮਾਮਲਾ ਸ਼ਾਮਲ ਕੀਤਾ ਗਿਆ ਹੈ। ਨਗਰ ਨਿਗਮ ਦੇ ਪਹਿਲੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵਲੋਂ ਇਸ ਸਬੰਧੀ ਨਗਰ ਨਿਗਮ ਦੇ ਮੇਅਰ ਨੂੰ ਨਿਗਮ ਹਾਊਸ ਦੀ ਇਮਾਰਤ ਦੀ ਵਰਤੋਂ ਲਈ ਇਹ 74 ਲੱਖ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਇਮਾਰਤ ਦਾ ਕਿਰਾਇਆ ਅਤੇ ਬਿਜਲੀ ਦਾ ਬਿਲ ਸ਼ਾਮਲ ਸੀ।

ਮੀਟਿੰਗ ਦੌਰਾਨ ਕੌਂਸਲਰ ਪ੍ਰਿੰਯਕਾ ਸ਼ਰਮਾ ਨੇ ਕਿਹਾ ਕਿ ਕਰੋਨਾ ਦੌਰਾਨ ਮਾਲ ਰੋਡ ਸਥਿਤ ਨਗਰ ਨਿਗਮ ਹਾਊਸ ਦੀ ਇਮਾਰਤ ਨੂੰ ਨਿਗਮ ਦੇ ਕੈਂਪ ਦਫ਼ਤਰ ਵਜੋਂ ਵਰਤਿਆ ਗਿਆ ਸੀ। ਇਸ ਦੀ ਵਰਤੋਂ ਦੇ ਸਬੰਧ ਵਿਚ ਹੀ ਪਿਛਲੇ ਕਮਿਸ਼ਨਰ ਵਲੋਂ ਨੋਟਿਸ ਭੇਜਿਆ ਗਿਆ ਸੀ। ਉਸ ਨੇ ਕਿਹਾ ਕਿ ਇਹ ਇਮਾਰਤ ਨਗਰ ਨਿਗਮ ਦੇ ਕਮਿਸ਼ਨਰ ਦੀ ਰਿਹਾਇਸ਼ ਵਾਸਤੇ ਹੈ ਪਰ ਇਸ ਨੂੰ ਨਿਗਮ ਦੇ ਮੇਅਰ ਵੱਲੋਂ ਵੀ ਵਰਤਿਆ ਜਾ ਸਕਦਾ ਹੈ। ਇਸ ਲਈ ਇਸ ਸਬੰਧ ਵਿਚ ਭੇਜਿਆ ਗਿਆ ਨੋਟਿਸ ਗ਼ੈਰ-ਕਾਨੂੰਨੀ ਹੈ। ਕੌਂਸਲਰ ਨੇ ਸਾਬਕਾ ਕਮਿਸ਼ਨਰ ਖ਼ਿਲਾਫ਼ ਕੁਝ ਦੋਸ਼ ਲਾਏ ਤੇ ਉਸ ਖ਼ਿਲਾਫ਼ ਕਾਰਵਾਈ ਲਈ ਵੀ ਆਖਿਆ ਹੈ। ਇਸ ਕੌਂਸਲਰ ਵਲੋਂ ਦਿੱਤੇ ਵਿਚਾਰ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਦੌਰਾਨ ਕਾਂਗਰਸੀ ਕੌਂਸਲਰ ਜਗਦੀਸ਼ ਕਾਲੀਆ ਨੇ ਨਿਗਮ ਹਾਊਸ ਦੇ ਬਕਾਏ ਦੀ ਰਕਮ ਦਾ ਮਾਮਲਾ ਉਭਾਰਿਆ। ਇਸੇ ਤਰ੍ਹਾਂ ਵਿਰੋਧੀ ਧਿਰ ਵਲੋਂ ਕੌਂਸਲਰ ਸੰਧਿਆ ਸਿੱਕਾ ਨੇ ਵੀ ਇਹ ਮਾਮਲੇ ਨੂੰ ਉਭਾਰਿਆ ਹੈ।

ਤਿੰਨ ਕਰੋੜ ਤੋਂ ਵੱਧ ਦੇ ਵਿਕਾਸ ਕੰਮਾਂ ਲਈ ਮਤੇ ਪਾਸ

ਪਠਾਨਕੋਟ (ਐੱਨਪੀ ਧਵਨ): ਕਾਂਗਰਸ ਪਾਰਟੀ ਅੰਦਰ ਚੱਲ ਰਹੀ ਸੁਗਬੁਗਾਹਟ ਅੱਜ ਨਗਰ ਨਿਗਮ ਪਠਾਨਕੋਟ ਦੇ ਸਦਨ ਦੀ ਮੀਟਿੰਗ ਵਿੱਚ ਵੀ ਦੇਖਣ ਨੂੰ ਮਿਲੀ। ਅੰਦਰ ਖਾਤੇ ਨਾਰਾਜ਼ ਚੱਲ ਰਹੇ ਕਾਰਪੋਰੇਟਰ ਤੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ, ਰੋਹਿਤ ਸਿਆਲ ਅਤੇ ਨਿਤਿਨ ਮਹਾਜਨ ਲਾਡੀ ਮੀਟਿੰਗ ਵਿੱਚ ਨਾ ਪੁੱਜੇ। ਇਨ੍ਹਾਂ ਦੇ ਇਲਾਵਾ ਹਾਲ ਹੀ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਕੇ ‘ਆਪ’ ਵਿੱਚ ਸ਼ਾਮਲ ਹੋਏ ਵਿਭੂਤੀ ਸ਼ਰਮਾ ਦੀ ਪਤਨੀ ਕੋਮਲ ਸ਼ਰਮਾ ਅਤੇ ਭਾਜਪਾ ਦੇ ਕਾਰਪੋਰੇਟਰ ਰੋਹਿਤ ਪੁਰੀ ਵੀ ਨਾ ਸ਼ਾਮਲ ਹੋਏ। ਇਹ ਮੀਟਿੰਗ ਮੇਅਰ ਪੰਨਾ ਲਾਲ ਭਾਟੀਆ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਵਿਧਾਇਕ ਅਮਿਤ ਵਿੱਜ ਅਤੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ 3 ਕਰੋੜ ਤੋਂ ਵੱਧ ਰਕਮ ਦੇ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਮਤੇ ਅਤੇ ਬਜਟ ਪਾਸ ਕੀਤੇ ਗਏ। ਏਜੰਡੇ ਵਿੱਚ ਜੋ ਠੇਕੇਦਾਰੀ ਪ੍ਰਥਾ ਦੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਅਤੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਜਨਰਲ ਹਾਊਸ ਦੇ ਏਜੰਡੇ ਵਿੱਚ ਸ਼ਹਿਰ ਅੰਦਰ ਸੀਸੀਟੀਵੀ ਕੈਮਰੇ ਲਗਵਾਉਣ ਲਈ ਖਾਲੀ ਪਏ ਡੇਟਾ ਅਪਰੇਟਰਾਂ ਅਤੇ ਕਲਰਕਾਂ ਦੇ ਅਹੁਦੇ ਭਰਨ ਲਈ ਅਤੇ ਨਿਗਮ ਦੀ ਦੁਕਾਨਾਂ ਦੇ ਬਕਾਏ ਵਸੂਲਣ, ਸੜਕ ਨਿਰਮਾਣ ਆਦਿ ਦੇ ਵਿਕਾਸ ਕੰਮਾਂ ਦੇ ਮਤਿਆਂ ਨੂੰ ਵੀ ਪਾਸ ਕੀਤਾ ਗਿਆ। ਤਰਸ ਦੇ ਆਧਾਰ ’ਤੇ ਦੋ ਨਿਯੁਕਤੀਆਂ ਦੇ ਮਤੇ ਉੱਪਰ ਵੀ ਮੋਹਰ ਲਗਾਈ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All