DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ ਵਿੱਚ ਰੋਸ: ਨੰਗੇ ਧੜ ਕੱਢਿਆ ਮਾਰਚ

ਰਾਵੀ ਦਰਿਆ ਦੀ ਮਾਰ ਹੇਠ ਆਏ ਪੀੜਤਾਂ ਨੇ ਸਰਕਾਰ ’ਤੇ ਲਾਏ ਪੱਖਪਾਤ ਦੇ ਇਲਜ਼ਾਮ

  • fb
  • twitter
  • whatsapp
  • whatsapp
Advertisement

ਸਰਹੱਦੀ ਖੇਤਰ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਸਬਰ ਟੁੱਟ ਗਿਆ ਹੈ। ਅੱਜ ਕੜਕਦੀ ਠੰਢ ਅਤੇ ਸੀਤ ਲਹਿਰ ਦੇ ਬਾਵਜੂਦ, ਭਾਰਤੀ ਕਿਸਾਨ ਯੂਨੀਅਨ (ਏਕਤਾ ਸੰਘਰਸ਼) ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਨੰਗੇ ਧੜ ਮੋਟਰਸਾਈਕਲਾਂ ’ਤੇ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਮਾਰਚ ਸਰਹੱਦੀ ਪਿੰਡ ਘੋਨੇਵਾਲ ਤੋਂ ਸ਼ੁਰੂ ਹੋ ਕੇ ਕਈ ਕਿਲੋਮੀਟਰ ਤੱਕ ਕੱਢਿਆ ਗਿਆ।

ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ 100 ਫ਼ੀਸਦੀ ਮੁਆਵਜ਼ਾ ਦੇਣ ਦੇ ਦਾਅਵੇ ਸਿਰਫ਼ ਕਾਗਜ਼ੀ ਹਨ ਅਤੇ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਮਾਹਲ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਸਿਰਫ਼ ਆਪਣੇ ਚਹੇਤਿਆਂ ਨੂੰ ਚੈੱਕ ਵੰਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਹੈ, ਜਦੋਂਕਿ ਅਸਲ ਪੀੜਤ ਅੱਜ ਵੀ ਖਾਲੀ ਹੱਥ ਹਨ।ਕਿਸਾਨ ਆਗੂਆਂ ਨੇ ਦੱਸਿਆ ਕਿ ਰਾਵੀ ਦਰਿਆ ਦੀ ਮਾਰ ਹੇਠ ਆਏ ਕਿਸਾਨਾਂ ਦੀਆਂ ਫ਼ਸਲਾਂ, ਘਰਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਸੀ। ਅਧਿਕਾਰੀਆਂ ਨੇ ਭਰੋਸਾ ਤਾਂ ਦਿੱਤਾ ਪਰ ਅਮਲੀ ਰੂਪ ਵਿੱਚ ਕੁਝ ਨਹੀਂ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਕੁਦਰਤੀ ਆਫ਼ਤ ਦੇ ਸਮੇਂ ਵੀ ਸਿਆਸਤ ਕਰ ਰਹੀ ਹੈ ਅਤੇ ਪੀੜਤਾਂ ਨੂੰ ਬਣਦਾ ਹੱਕ ਦੇਣ ਦੀ ਬਜਾਏ ਸਿਰਫ਼ ਲਾਰੇ ਲਾਏ ਜਾ ਰਹੇ ਹਨ।

Advertisement

ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਫ਼ਸਲਾਂ ਅਤੇ ਮਕਾਨਾਂ ਦੇ ਨੁਕਸਾਨ ਦੀ ਰਾਸ਼ੀ ਜਾਰੀ ਨਾ ਕੀਤੀ, ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜ਼ਿਲ੍ਹਾ ਪੱਧਰ ’ਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Advertisement

Advertisement
×