ਕੈਬਨਿਟ ਮੰਤਰੀ ਈਟੀਓ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੇ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ’ਚ ਕੈਬਨਿਟ ਮੰਤਰੀ ਈਟੀਓ ਹਰਭਜਨ ਸਿੰਘ ਦੇ ਦਫਤਰ ਬਾਹਰ ਧਰਨਾ ਦਿੱਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੂਰੇ ਪੰਜਾਬ ’ਚ ਵਿਧਾਇਕਾਂ, ਮੰਤਰੀਆਂ ਅਤੇ ਸੰਗਰੂਰ ਵਿਖੇ ਮੁੱਖ ਮੰਤਰੀ ਰਿਹਾਇਸ਼...
ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੇ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ’ਚ ਕੈਬਨਿਟ ਮੰਤਰੀ ਈਟੀਓ ਹਰਭਜਨ ਸਿੰਘ ਦੇ ਦਫਤਰ ਬਾਹਰ ਧਰਨਾ ਦਿੱਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੂਰੇ ਪੰਜਾਬ ’ਚ ਵਿਧਾਇਕਾਂ, ਮੰਤਰੀਆਂ ਅਤੇ ਸੰਗਰੂਰ ਵਿਖੇ ਮੁੱਖ ਮੰਤਰੀ ਰਿਹਾਇਸ਼ ਸਮੇਤ 18 ਜ਼ਿਲ੍ਹਿਆਂ 28 ਥਾਵਾਂ ’ਤੇ ਇੱਕੋ ਦਿਨ ਧਰਨੇ ਲਾਏ। ਇਸ ਦੌਰਾਨ 21 ਫਰਵਰੀ ਨੂੰ ਸ਼ਹੀਦ ਸ਼ੁਭ ਕਰਨ ਦੀ ਦੇਸ਼ ਪੱਧਰੀ ਬਰਸੀ ਮਨਾਉਣ ਦਾ ਐਲਾਨ ਕੀਤਾ ਅਤੇ ਯਾਦ ਪੱਤਰ ਦਿੱਤੇ ਗਏ।
ਇਸ ਦੌਰਾਨ ਇਕੱਠ ਵੱਲੋਂ ਮੰਗ ਕੀਤੀ ਗਈ ਕਿ ਭਗਵੰਤ ਮਾਨ ਸਰਕਾਰ ਭਾਰਤ ਅਮਰੀਕਾ ਸਮਝੌਤੇ, ਬਿਜਲੀ ਸੋਧ ਬਿਲ, ਬੀਜ ਐਕਟ, ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਖਿਲਾਫ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਇਨ੍ਹਾਂ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਜਤਾਏ।
ਉਨ੍ਹਾਂ ਨੇ ਲੋਕਾਂ ਨੂੰ ਆਉਣ ਵਾਲੇ ਸਮੇਂ ’ਚ ਵੱਡੇ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਨੇ ਅਪੀਲ ਕੀਤੀ ਕਿ ਗੈਂਗਸਟਰ ਵਿਰੁੱਧ ਕਾਰਵਾਈ ਦੀ ਆੜ ਹੇਠ ਪੰਜਾਬ ਦੇ ਨੌਜਵਾਨਾਂ, ਗੈਂਗਸਟਰਾਂ ਦੇ ਰਿਸ਼ਤੇਦਾਰਾਂ ਤੇ ਮਾਂ-ਪਿਓ ਨੂੰ ਬਿਨਾਂ ਕਿਸੇ ਦੋਸ਼ ਗੈਰ ਮਨੁੱਖੀ ਤਸ਼ੱਦਦ,ਮਾਨਸਿਕ ਤੌਰ ’ਤੇ ਤੰਗ ਕਰਨ ਨੂੰ ਤੁਰੰਤ ਰੋਕਿਆ ਜਾਵੇ।
ਨਸ਼ਿਆਂ ਤੋਂ ਪੀੜਿਤ ਨੌਜਵਾਨਾਂ ਦਾ ਇਲਾਜ ਕਰਾ ਕੇ ਸਮਾਜ ਵਿੱਚ ਉਨ੍ਹਾਂ ਦਾ ਮੁੜ ਵਸੇਬਾ ਹੋਵੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ । ਉਨ੍ਹਾਂ ਨੇ ਕੇਂਦਰੀ ਬਜਟ ਵਿੱਚ ਕਿਸਾਨਾਂ, ਮਜ਼ਦੂਰਾਂ, ਆਮ ਜਨਤਾ ਲਈ ਬਹੁਤ ਘੱਟ ਬਜਟ ਰੱਖਣ, ਖਾਦ ’ਤੇ 10 ਹਜ਼ਾਰ ਕਰੋੜ ਦੀ ਸਬਸਿਡੀ ਘਟਾਉਣ ਅਤੇ ਕਾਰਪੋਰੇਟ ਪੱਖੀ ਬਜਟ ਪੇਸ਼ ਕਰਨ ਲਈ ਕੇਂਦਰ ਸਰਕਾਰ ਦੀ ਨਿੰਦਾ ਕੀਤੀ।
ਮੰਗ ਪੱਤਰ ਵਿੱਚ ਸ਼ੰਭੂ ਖਨੌਰੀ ਮੋਰਚੇ ਨੂੰ ਮਾਨ ਸਰਕਾਰ ਵੱਲੋਂ ਜਬਰਨ ਉਖਾੜਨ, ਕਿਸਾਨ-ਮਜ਼ਦੂਰਾਂ ਦੇ ਸਮਾਨ ਦੇ ਨੁਕਸਾਨ ਦੀ ਭਰਪਾਈ ਲਈ 3 ਕਰੋੜ 77 ਲੱਖ ਦਾ ਮੁਆਵਜ਼ਾ ਦੇਣ ਅਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ।
ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਜ਼ਖਮੀ ਕਿਸਾਨਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਮੁਆਵਜ਼ਾ ਤੇ ਨੌਕਰੀਆਂ ਦਿੱਤੀਆਂ ਜਾਣ। ਪੁਲੀਸ ਕੇਸ ਵਾਪਸ ਲਏ ਜਾਣ, ਐੱਮਐੱਸਪੀ ਲੀਗਲ ਗਰੰਟੀ ਕਾਨੂੰਨ, ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤੀ ਸਮੇਤ ਸਾਰੀਆਂ ਮੋਰਚੇ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ।

