ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਨੰਗੇ ਧੜ ਰੋਸ ਪ੍ਰਦਰਸ਼ਨ
ਟੌਲ ਪਲਾਜ਼ਾ ’ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਸਥਾਨਕ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਸਥਿਤ ਨਿੱਝਰਪੁਰਾ ਟੌਲ ਪਲਾਜ਼ਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਮਜਦੂਰਾਂ ਵੱਲੋਂ ਨੰਗੇ ਧੜ ਹੋ ਕੇ ਬਿਜਲੀ ਸੋਧ ਬਿਲ 2005 ਤੇ ਆਪਣੀਆਂ ਹੋਰ ਮੰਗਾਂ ਖਿਲਾਫ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਬੰਡਾਲਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਅੱਜ ਜ਼ੋਨ ਬਾਬਾ ਨੌਧ ਸਿੰਘ, ਜ਼ੋਨ ਸ੍ਰੀ ਗੁਰੂ ਰਾਮਦਾਸ ਜੀ, ਜ਼ੋਨ ਟਾਂਗਰਾ, ਜ਼ੋਨ ਜੰਡਿਆਲਾ ਗੁਰੂ ਅਤੇ ਜ਼ੋਨ ਤਰਸਿੱਕਾ ਦੀ ਕਨਵੈਨਸ਼ਨ ਮਾਨਾਂਵਾਲਾ ਦੇ ਗੁਰਦੁਆਰਾ ਬਾਬਾ ਛੱਜੋ ਵਿਖੇ ਕੀਤੀ ਗਈ। ਆਗੂਆਂ ਨੇ ਕਿਹਾ ਕੇਂਦਰ ਸਰਕਾਰ ਲਗਾਤਾਰ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ ਅਤੇ ਰਾਜਾਂ ਦੀ ਸੂਚੀ ਤਹਿਤ ਚੱਲਣ ਵਾਲੇ ਅਦਾਰਿਆਂ ਨੂੰ ਲਗਾਤਾਰ ਤਾਕਤ ਦੇ ਕੇਂਦਰੀਕਰਨ ਦੀ ਨੀਤੀ ਤਹਿਤ ਆਪਣੇ ਹੱਥਾਂ ਵਿੱਚ ਲੈ ਰਹੀ ਹੈ, ਜਿਸ ਦਾ ਮੁੱਖ ਮਨਸੂਬਾ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਇਸ ਨੀਤੀ ਨੂੰ ਤੇਜੀ ਨਾਲ ਅੱਗੇ ਵੱਲ ਵਧਾਉਂਦੇ ਹੋਏ ਬਿਜਲੀ ਅਦਾਰੇ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਦੇ ਹੱਥੀਂ ਵੇਚਣ ਲਈ ਮੋਦੀ ਸਰਕਾਰ ਬਿਜਲੀ ਸੋਧ ਬਿਲ 2025 ਦਾ ਖਰੜਾ ਲਿਆ ਚੁੱਕੀ ਹੈ, ਜੋ ਕਿ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਕਦਮ ਹੈ।

