Faridkot Exam Scam: ਫਰੀਦਕੋਟ ਵਿਚ 3 ਲੱਖ ਤੋਂ 13 ਲੱਖ ਰੁਪਏ ਤੱਕ ਵਿਕਿਆ ਫਾਰਮੇਸੀ ਦਾ ਪੇਪਰ
Pharmacy Paper Leak: ਪੁਲੀਸ ਵਲੋਂ ਗਰੋਹ ਦੇ ਸੱਤ ਮੈਂਬਰਾਂ ਸਣੇ 35 ਕਾਬੂ; ਫਰੀਦਕੋਟ ਨਕਲ ਮਾਮਲੇ ਵਿਚ ਹੋਈ ਕਾਰਵਾਈ
Faridkot Paper Leak: ਇੱਥੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਏ ਜਾ ਰਹੇ ਫਾਰਮੇਸੀ ਦੇ ਪੇਪਰ ਵਿੱਚ ਵਿਦਿਆਰਥੀਆਂ ਕੋਲੋਂ ਫੜੇ ਗਏ ਬਿਜਲਈ ਉਪਕਰਨਾਂ ਦੇ ਮਾਮਲੇ ਵਿੱਚ ਸਿਟੀ ਪੁਲੀਸ ਫਰੀਦਕੋਟ ਨੇ ਪਰਚਾ ਦਰਜ ਕਰ ਲਿਆ ਹੈ।
ਪੁਲੀਸ ਨੇ ਦੱਸਿਆ ਹੈ ਕਿ ਪ੍ਰੀਖਿਆਰਥੀਆਂ ਤੋਂ ਪੇਪਰ ਪਾਸ ਕਰਾਉਣ ਦੇ ਬਦਲੇ ਤਿੰਨ ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਲਏ ਗਏ ਹਨ। ਇਸ ਮਾਮਲੇ ਵਿੱਚ ਗਰੋਹ ਦੇ ਸੱਤ ਮੈਂਬਰਾਂ ਸਣੇ 35 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਡੀਆਈਜੀ ਫਰੀਦਕੋਟ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਵੱਕਾਰੀ ਸਰਕਾਰੀ ਇਮਤਿਹਾਨਾਂ ਵਿੱਚ ਨਕਲ ਕਰਵਾਉਣ ਵਾਲੇ ਇੱਕ ਵੱਡੇ ਗਰੋਹ ਦਾ ਪਰਦਾਫ਼ਾਸ਼ ਹੋਇਆ। ਅੱਜ ਇੱਥੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਇਮਤਿਹਾਨ ਲਿਆ ਜਾ ਰਿਹਾ ਸੀ, ਜਿਸ ਵਿੱਚ ਕਰੀਬ 40 ਹਜ਼ਾਰ ਉਮੀਦਵਾਰ ਪੇਪਰ ਦੇਣ ਲਈ ਪਹੁੰਚੇ ਹੋਏ ਸਨ। ਇਸੇ ਦੌਰਾਨ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਫਰੀਦਕੋਟ ਅਤੇ ਕੋਟਕਪੂਰਾ ਦੇ ਪ੍ਰੀਖਿਆ ਕੇਂਦਰਾਂ ਵਿੱਚੋਂ ਕਈ ਵਿਦਿਆਰਥੀ ਫੜੇ ਗਏ ਸਨ।
ਬਰੀਕ ਇਲੈਕਟ੍ਰਾਨਿਕ ਡਿਵਾਈਸਾਂ ਰਾਹੀਂ ਬਾਹਰੋਂ ਕਰਵਾਇਆ ਜਾ ਰਿਹਾ ਸੀ ਪੇਪਰ
ਇਨ੍ਹਾਂ ਵਿਦਿਆਰਥੀਆਂ ਕੋਲੋਂ ਬੇਹੱਦ ਬਰੀਕ ਇਲੈਕਟ੍ਰਾਨਿਕ ਡਿਵਾਈਸ (ਯੰਤਰ) ਬਰਾਮਦ ਹੋਏ ਹਨ, ਜਿਨ੍ਹਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠਾ ਗਰੋਹ ਉਨ੍ਹਾਂ ਨੂੰ ਪੇਪਰ ਹੱਲ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਗੁਪਤ ਸੂਚਨਾ ਦੇ ਆਧਾਰ ’ਤੇ ਕੁੱਲ 10 ਪ੍ਰੀਖਿਆ ਸੈਂਟਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ ਹੁਣ ਤੱਕ 20 ਵਿਦਿਆਰਥੀਆਂ ਕੋਲੋਂ ਨਕਲ ਮਾਰਨ ਲਈ ਵਰਤੇ ਜਾ ਰਹੇ ਇਹ ਹਾਈਟੈੱਕ ਯੰਤਰ ਬਰਾਮਦ ਕੀਤੇ ਜਾ ਚੁੱਕੇ ਹਨ। ਇਹ ਡਿਵਾਈਸ ਕਥਿਤ ਤੌਰ ’ਤੇ ਨਕਲ ਕਰਵਾਉਣ ਵਾਲੇ ਇੱਕ ਸੰਗਠਿਤ ਗੈਂਗ ਵੱਲੋਂ ਉਮੀਦਵਾਰਾਂ ਨੂੰ ਮੁਹੱਈਆ ਕਰਵਾਏ ਗਏ ਸਨ।
200 ਤੋਂ ਵੱਧ ਉਮੀਦਵਾਰਾਂ ਨੂੰ ਡਿਵਾਈਸ ਵੰਡੇ ਜਾਣ ਦਾ ਖ਼ਦਸ਼ਾ; ਤਲਾਸ਼ੀ ਮੁਹਿੰਮ ਜਾਰੀਸੂਚਨਾ ਮੁਤਾਬਕ ਨਕਲ ਕਰਵਾਉਣ ਵਾਲੇ ਇਸ ਗੈਂਗ ਨੇ 200 ਤੋਂ ਵੱਧ ਵਿਦਿਆਰਥੀਆਂ ਨੂੰ ਇਹ ਡਿਵਾਈਸ ਵੰਡੇ ਹੋਏ ਸਨ, ਪਰ ਚਲਦੇ ਇਮਤਿਹਾਨ ਦੌਰਾਨ ਹੀ ਪੁਲੀਸ ਅਤੇ ਪ੍ਰਸ਼ਾਸਨ ਮੁਸਤੈਦ ਹੋ ਗਿਆ ਅਤੇ ਇਸ ਪੂਰੇ ਗੋਰਖਧੰਦੇ ਦਾ ਪਰਦਾਫ਼ਾਸ਼ ਹੋ ਗਿਆ।

