ਜਗਤਾਰ ਿਸੰਘ ਲਾਂਬਾ
ਅੰਮ੍ਰਿਤਸਰ, 22 ਨਵੰਬਰ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਅਰੁਣਾਚਲ ਪ੍ਰਦੇਸ਼ ਦੀ ਬਣੀ ਸ਼ਰਾਬ ਨੂੰ ਪੰਜਾਬ ਵਿਚ ਵੇਚਣ ਅਤੇ ਸ਼ਰਾਬ ਦੇ ਨਾਜਾਇਜ਼ ਠੇਕੇ ਚਲਾਉਣ ਦੇ ਇਕ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।
ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਇਸ ਮਾਮਲੇ ਵਿਚ 21 ਨਵੰਬਰ ਨੂੰ ਥਾਣਾ ਜੰਡਿਆਲਾ ਦੀ ਪੁਲੀਸ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਮਿਲ ਕੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਅਰੁਣਾਚਲ ਪ੍ਰਦੇਸ਼ ਦੀ ਬਣੀ ਹੋਈ ਸ਼ਰਾਬ ਦੀਆਂ 90 ਪੇਟੀਆਂ ਬਰਾਮਦ ਕੀਤੀਆਂ ਸਨ। ਇਨ੍ਹਾਂ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਸੀ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ ਲਵਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਪਹਿਲਜੀਤ ਸਿੰਘ, ਲਵਪ੍ਰੀਤ ਸਿੰਘ ਵਾਸੀ ਘੁੰਮਣ ਕਲਾਂ ਅਤੇ ਬਲਜਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਕੋਲੋਂ ਕੀਤੀ ਪੁੱਛਗਿਛ ਮਗਰੋਂ ਪੁਲੀਸ ਨੇ ਸਰਪ੍ਰੀਤ ਸਿੰਘ ਉਰਫ ਜੋਤੀ ਸੇਖੋਂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਕੋਲੋਂ ਬਰਾਮਦ ਸ਼ਰਾਬ ਦੇ ਲੇਬਲ ਅਤੇ ਖਾਲੀ ਡੱਬੇ ਆਦਿ ਬਰਾਮਦ ਹੋਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਸ ਵਿਅਕਤੀ ਵਲੋਂ ਇਹ ਨਾਜਾਇਜ਼ ਸ਼ਰਾਬ ਅਰੁਣਾਚਾਲ ਪ੍ਰਦੇਸ਼ ਤੋਂ ਪਹਿਲਾਂ ਚੰਡੀਗੜ ਵਿਖੇ ਮੰਗਵਾਈ ਜਾਂਦੀ ਸੀ, ਜਿਥੇ ਇਸ ਨੂੰ ਗੋਦਾਮ ਵਿਚ ਰੱਖਿਆ ਜਾਂਦਾ ਸੀ। ਮਗਰੋਂ ਇਹ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ਵਿਚ ਸਪਲਾਈ ਕਰਦਾ ਹੈ।