ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਰੇਲ ਵਿਭਾਗ ਵਲੋਂ ਦਸਹਿਰਾ ਰੇਲ ਹਾਦਸੇ ਦੀ ਜਾਂਚ ਵਾਸਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿਚ ਦਸਹਿਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ ਵਿੱਚ ਮੁੱਖ ਪ੍ਰਬੰਧਕ ਮਿੱਠੂ ਮਦਾਨ ਵੀ ਸ਼ਾਮਲ ਹੈ, ਜੋ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਨੇੜਲਾ ਸਾਥੀ ਹੈ। ਰੇਲ ਵਿਭਾਗ ਵਲੋਂ ਕੀਤੀ ਜਾਂਚ ਵਿਚ ਨਾਮਜ਼ਦ ਹੋਰਨਾਂ ਵਿਅਕਤੀਆਂ ਵਿੱਚ ਰਾਹੁਲ ਕਲਿਆਣ, ਦੀਪਕ ਕੁਮਾਰ, ਕਰਨ ਭੰਡਾਰੀ, ਕਾਬੁਲ ਸਿੰਘ, ਦੀਪਕ ਗੁਪਤਾ, ਭੁਪਿੰਦਰ ਸਿੰਘ ਸ਼ਾਮਲ ਸਨ। ਇਸ ਮਾਮਲੇ ਵਿਚ ਜੀਆਰਪੀ ਵਲੋਂ 18 ਅਕਤੂਬਰ 2018 ਨੂੰ ਆਈਪੀਸੀ ਦੀ ਧਾਰਾ 304 ਏ, 337, 338 ਹੇਠ ਕੇਸ ਦਰਜ ਕੀਤਾ ਗਿਆ ਸੀ। ਜੀਆਰਪੀ ਨੇ ਨਾਮਜ਼ਦ ਕੀਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਸਿੱਧਾ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਨਾਮਜ਼ਦ ਵਿਅਕਤੀਆਂ ਨੂੰ 30 ਜੁਲਾਈ ਨੂੰ ਪੇਸ਼ੀ ਲਈ ਸੰਮਨ ਕੀਤਾ ਗਿਆ ਹੈ।