ਅਮਰੀਕਾ ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਅੱਜ ਤੀਜੇ ਦਿਨ ਵੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲਗਪਗ ਦਰਜਨ ਭਰ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਹਵਾਈ ਅੱਡਾ ਪ੍ਰਬੰਧਕਾਂ ਨੇ ਇਸ ਸਬੰਧ ਵਿੱਚ ਯਾਤਰੀਆਂ ਨੂੰ ਸੋਸ਼ਲ ਮੀਡੀਆ ਖਾਤੇ ਰਾਹੀਂ ਸੂਚਿਤ ਕੀਤਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹਵਾਈ ਅੱਡਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਤੀਜੇ ਦਿਨ 12 ਉਡਾਣਾਂ ਰੱਦ ਹੋਈਆਂ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਆਉਣ ਵਾਲੀਆਂ ਅਤੇ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ। ਰੱਦ ਕੀਤੀਆਂ ਗਈਆਂ ਹਵਾਈ ਉਡਾਣਾਂ ਵਿੱਚ ਦੋਹਾ ਅੰਮ੍ਰਿਤਸਰ -ਅੰਮ੍ਰਿਤਸਰ ਦੋਹਾ, ਅੰਮ੍ਰਿਤਸਰ ਸ਼ਾਰਜਾਹ ਅਤੇ ਅੰਮ੍ਰਿਤਸਰ ਦੁਬਈ ਵਿਚਾਲੇ ਚੱਲਣ ਵਾਲੀਆਂ ਉਡਾਣਾਂ ਸ਼ਾਮਿਲ ਹਨ। ਰੱਦ ਕੀਤੀਆਂ ਗਈਆਂ ਉਡਾਣਾਂ ਵੱਖ-ਵੱਖ ਹਵਾਈ ਕੰਪਨੀਆਂ ਨਾਲ ਸਬੰਧਿਤ ਹਨ। ਪ੍ਰਬੰਧਕਾਂ ਨੇ ਆਖਿਆ ਕਿ ਇਸ ਸਬੰਧ ਵਿੱਚ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ 11 ਉਡਾਣਾਂ ਰੱਦ ਹੋਈਆਂ ਸਨ। ਇਸ ਜੰਗ ਕਾਰਨ ਹਵਾਈ ਮਾਰਗ ਬੰਦ ਕੀਤੇ ਜਾਣ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਸ਼ਾਰਜਾਹ, ਦੁਬਈ ਤੇ ਹੋਰਨਾਂ ਥਾਵਾਂ ’ਤੇ ਫਸੇ ਹੋਏ ਹਨ।

