DM suicide row: ਅਧਿਕਾਰੀ ਦੇ ਖੁਦਕੁਸ਼ੀ ਮਾਮਲੇ ’ਚ ਅਕਾਲੀ ਦਲ ਨੇ 'ਆਪ' ਨੂੰ ਘੇਰਿਆ, ਸੀਬੀਆਈ ਜਾਂਚ ਮੰਗੀ
DM suicide row: ਅੰਮ੍ਰਿਤਸਰ ਵਿੱਚ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਖੁਦਕੁਸ਼ੀ ਅਤੇ ਉਸ ਤੋਂ ਬਾਅਦ ਮੌਜੂਦਾ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿੱਤੇ ਗਏ ਅਸਤੀਫੇ ਨੇ ਵਿਰੋਧੀ ਧਿਰ ਨੂੰ ਸੱਤਾਧਾਰੀ ਸਰਕਾਰ 'ਤੇ ਹਮਲਾ ਕਰਨ ਦਾ ਵੱਡਾ ਮੁੱਦਾ ਦੇ ਦਿੱਤਾ ਹੈ। ਇਸ...
DM suicide row: ਅੰਮ੍ਰਿਤਸਰ ਵਿੱਚ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਖੁਦਕੁਸ਼ੀ ਅਤੇ ਉਸ ਤੋਂ ਬਾਅਦ ਮੌਜੂਦਾ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿੱਤੇ ਗਏ ਅਸਤੀਫੇ ਨੇ ਵਿਰੋਧੀ ਧਿਰ ਨੂੰ ਸੱਤਾਧਾਰੀ ਸਰਕਾਰ 'ਤੇ ਹਮਲਾ ਕਰਨ ਦਾ ਵੱਡਾ ਮੁੱਦਾ ਦੇ ਦਿੱਤਾ ਹੈ। ਇਸ ਖੁਦਕੁਸ਼ੀ ਮਾਮਲੇ ਵਿੱਚ ਮੰਤਰੀ ਦਾ ਨਾਮ ਸਾਹਮਣੇ ਆਇਆ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਖਦਸ਼ਾ ਜਤਾਇਆ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਅੰਮ੍ਰਿਤਸਰ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਆਪਣੇ ਮੰਤਰੀ ਤੋਂ ਅਸਤੀਫਾ ਲੈ ਕੇ ਮਹਿਜ਼ 'ਖਾਨਾਪੂਰਤੀ' ਕਰ ਰਹੀ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਸਰਕਾਰ ਵੱਲੋਂ ਮਾਮਲੇ 'ਤੇ ਪਰਦਾ ਪਾਉਣ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਜੇ ਸਰਕਾਰ ਇਨਸਾਫ਼ ਪ੍ਰਤੀ ਗੰਭੀਰ ਹੈ ਤਾਂ ਤੁਰੰਤ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰਕੇ ਮੰਤਰੀ ਨੂੰ ਹਿਰਾਸਤ ਵਿੱਚ ਲਿਆ ਜਾਣਾ ਚਾਹੀਦਾ ਹੈ।
ਮਜੀਠੀਆ ਨੇ ਦੋਸ਼ ਲਾਇਆ ਕਿ ਡਾ. ਰੰਧਾਵਾ, ਜੋ ਕਿ ਇੱਕ ਇਮਾਨਦਾਰ ਅਤੇ ਉੱਚ ਵਿੱਦਿਆ ਪ੍ਰਾਪਤ ਅਧਿਕਾਰੀ ਸਨ, 'ਤੇ ਮੰਤਰੀ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਨਾਮ 'ਤੇ ਐਫ ਸੀ ਆਈ ਦੇ ਟੈਂਡਰ ਅਲਾਟ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਦੀ ਕਥਿਤ ਆਖਰੀ ਵੀਡੀਓ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਸਾਥੀਆਂ 'ਤੇ ਸਿੱਧੇ ਇਲਜ਼ਾਮ ਲਾਏ ਗਏ ਹਨ।
ਪਰਿਵਾਰ ਦੇ ਹਵਾਲੇ ਨਾਲ ਮਜੀਠੀਆ ਨੇ ਦੱਸਿਆ ਕਿ 13 ਮਾਰਚ ਨੂੰ ਡਾ. ਰੰਧਾਵਾ ਨੂੰ ਮੰਤਰੀ ਦੀ ਰਿਹਾਇਸ਼ 'ਤੇ ਬੁਲਾ ਕੇ ਜ਼ਲੀਲ ਕੀਤਾ ਗਿਆ, ਕੁੱਟਮਾਰ ਕੀਤੀ ਗਈ ਅਤੇ ਬੰਦੂਕ ਦੀ ਨੋਕ 'ਤੇ ਰਿਸ਼ਵਤ ਲੈਣ ਦਾ ਵੀਡੀਓ ਰਿਕਾਰਡ ਕਰਵਾਇਆ ਗਿਆ। ਇਸ ਮਾਨਸਿਕ ਤਸ਼ੱਦਦ ਅਤੇ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਕਥਿਤ ਧਮਕੀਆਂ ਕਾਰਨ ਡਰ ਤੇ ਸਦਮੇ ਵਿੱਚ ਆਏ ਅਧਿਕਾਰੀ ਨੇ ਅਖੀਰ ਖੁਦਕੁਸ਼ੀ ਕਰ ਲਈ।

