ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਜੁਲਾਈ
ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਾਲੇ ਪਦਾਰਥ ਮਿਲਕਫੈੱਡ (ਵੇਰਕਾ) ਦੀ ਥਾਂ ਪੁਣੇ ਦੀ ਸੋਨਾਈ ਕੋਆਪ੍ਰੇਟਿਵ ਸੁਸਾਇਟੀ ਕੋਲੋਂ ਖਰੀਦਣ ਦੇ ਕੀਤੇ ਗਏ ਫ਼ੈਸਲੇ ਮਗਰੋਂ ਸ਼੍ਰੋਮਣੀ ਕਮੇਟੀ ਤੇ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਜਿੱਥੇ ਟੈਂਡਰ ਮੁਤਾਬਕ ਘੱਟ ਰੇਟ ਅਤੇ ਵਧੀਆ ਮਿਆਰ ਦੇ ਆਧਾਰ ’ਤੇ ਪੁਣੇ ਦੀ ਕੰਪਨੀ ਨੂੰ ਠੇਕਾ ਦੇਣ ਦੀ ਗੱਲ ਆਖੀ ਹੈ, ਉੱਥੇ ਹੀ ਇਹ ਦੋਸ਼ ਵੀ ਲਾਇਆ ਹੈ ਕਿ ਮਿਲਕਫੈੱਡ ਵੱਲੋਂ ਭੇਜੇ ਟੀਨਾਂ ਵਿਚੋਂ ਘਿਓ ਘੱਟ ਨਿਕਲਿਆ ਹੈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੀਡੀਆ ਕੋਲ ਆਪਣਾ ਪੱਖ ਰੱਖਦਿਆਂ ਕਿਹਾ ਕਿ ਐਗਮਾਰਕ ਪੈਮਾਨੇ ਵਾਲੇ ਇਹ ਦੁੱਧ ਪਦਾਰਥ ਘੱਟ ਰੇਟ ਅਤੇ ਵਧੀਆ ਮਿਆਰ ਦੇ ਹੋਣ ਕਾਰਨ ਟੈਂਡਰ ਪ੍ਰਵਾਨ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਨੇ ਪੁਣੇ ਦੀ ਕੰਪਨੀ ਨੂੰ ਇਕ ਜੁਲਾਈ ਤੋਂ 30 ਸਤੰਬਰ, 2020 ਤਕ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਅਤੇ ਹੋਰ ਗੁਰਦੁਆਰਿਆਂ ਵਾਸਤੇ ਦੇਸੀ ਘਿਓ ਅਤੇ ਸੁੱਕਾ ਦੁੱਧ ਖਰੀਦਣ ਦੇ ਟੈਂਡਰ ਦਿੱਤੇ। ਇਸ ਕੰਪਨੀ ਤੋਂ ਦੇਸੀ ਘਿਓ 315 ਰੁਪਏ ਪ੍ਰਤੀ ਕਿੱਲੋ ਅਤੇ ਸੁੱਕਾ ਦੁੱਧ 225 ਰੁਪਏ ਪ੍ਰਤੀ ਕਿੱਲੋ (ਜੀਐੱਸਟੀ ਵੱਖਰਾ) ਖਰੀਦੇ ਜਾਣਗੇ, ਜਦਕਿ ਵੇਰਕਾ ਉਤਪਾਦਾਂ ਦੇ ਰੇਟ ਦੇਸੀ ਘਿਓ 399 ਰੁਪਏ ਪ੍ਰਤੀ ਕਿੱਲੋ ਅਤੇ ਸੁੱਕਾ ਦੁੱਧ 250 ਰੁਪਏ ਪ੍ਰਤੀ ਕਿੱਲੋ ਜੀਐੱਸਟੀ ਵੱਖਰਾ ਸਨ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸੋਨਾਈ ਕੰਪਨੀ ਨਾਲ ਟੈਂਡਰ ਕਰ ਕੇ ਤਿੰਨ ਮਹੀਨਿਆਂ ਵਿਚ ਪੰਜ ਕਰੋੜ 20 ਲੱਖ ਰੁਪਏ ਦੀ ਬਚਤ ਕੀਤੀ ਹੈ।