ਢੀਂਡਸਾ ਨੇ ਟਕਸਾਲੀ ਦਲ ਨੂੰ ਢਾਹ ਲਾਈ

* ਸੇਖਵਾਂ ਨੇ ਢੀਂਡਸਾ ਦਾ ਪੱਲਾ ਫੜਿਆ; * ਟਕਸਾਲੀ ਦਲ ਦੇ ਤਿੰਨੋਂ ਬਾਨੀ ਵੱਖ-ਵੱਖ ਹੋਏ

ਢੀਂਡਸਾ ਨੇ ਟਕਸਾਲੀ ਦਲ ਨੂੰ ਢਾਹ ਲਾਈ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੁਲਾਈ

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵਿਚ ਕਈ ਟਕਸਾਲੀ ਆਗੂਆਂ ਦੇ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਵੱਡੀ ਢਾਹ ਲੱਗੀ ਹੈ। ਇਸ ਨਾਲ ਇਹ ਜਥੇਬੰਦੀ ਫਿਲਹਾਲ ਖਿੰਡ ਗਈ ਹੈ।

ਲੁਧਿਆਣਾ ਵਿਚ ਸ੍ਰੀ ਢੀਂਡਸਾ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਵਿਚ ਟਕਸਾਲੀ ਦਲ ਤੋਂ ਸੇਵਾ ਸਿੰਘ ਸੇਖਵਾਂ ਤੇ ਹੋਰ ਕਈ ਆਗੂ ਸ਼ਾਮਲ ਹੋ ਗਏ ਹਨ। ਅਕਾਲੀ ਦਲ (ਟਕਸਾਲੀ) ਦੇ ਗਠਨ ਵੇਲੇ ਤਿੰਨ ਬਾਨੀਆਂ ਵਿਚ ਸੇਵਾ ਸਿੰਘ ਸੇਖਵਾਂ ਤੋਂ ਇਲਾਵਾ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ। ਨਵੇਂ ਅਕਾਲੀ ਦਲ ਦੇ ਗਠਨ ਮਗਰੋਂ ਸੇਵਾ ਸਿੰਘ ਸੇਖਵਾਂ ਉਸ ਵਿਚ ਸ਼ਾਮਲ ਹੋ ਗਏ ਹਨ। ਡਾ. ਰਤਨ ਸਿੰਘ ਅਜਨਾਲਾ ਪਹਿਲਾਂ ਹੀ ਘਰ ਬੈਠ ਚੁੱਕੇ ਹਨ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਇਸ ਵੇਲੇ ਜ਼ੇਰੇ ਇਲਾਜ ਹਨ, ਜਿਸ ਕਾਰਨ ਇਹ ਜਥੇਬੰਦੀ ਫਿਲਹਾਲ ਖਿੰਡ ਗਈ ਹੈ।

ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਆਗੂਆਂ, ਅਹੁਦੇਦਾਰਾਂ ਤੇ ਹੋਰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਾਸ਼ ਨਾ ਹੋਣ। ਜਲਦੀ ਪਾਰਟੀ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਜਥੇਬੰਦੀ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਜਿਹੜੇ ਆਗੂ ਸ੍ਰੀ ਅਕਾਲ ਤਖ਼ਤ ’ਤੇ 16 ਦਸੰਬਰ, 2018 ਨੂੰ ਅਰਦਾਸ ਕਰ ਕੇ ਇਕੱਠੇ ਹੋਏ ਸਨ ਅਤੇ ਅੱਜ ਪਾਰਟੀ ਛੱਡ ਗਏ ਹਨ, ਉਨ੍ਹਾਂ ਨੇ ਅਰਦਾਸ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਆਖਿਆ ਕਿ ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਨੇ ਖ਼ੁਦ ਉਨ੍ਹਾਂ ਨੂੰ ਅਕਾਲੀ ਦਲ (ਟਕਸਾਲੀ) ਦਾ ਗਠਨ ਕਰਨ ਸਮੇਂ ਪ੍ਰਧਾਨ ਬਣਾਇਆ ਸੀ। ਹੁਣ ਡਾ. ਰਤਨ ਸਿੰਘ ਅਜਨਾਲਾ ਖ਼ਰਾਬ ਸਿਹਤ ਕਰਕੇ ਘਰ ਬੈਠੇ ਹਨ ਤੇ ਸ੍ਰੀ ਸੇਖਵਾਂ ਅਤੇ ਬੀਰ ਦਵਿੰਦਰ ਸਿੰਘ ਨੇ ਸ੍ਰੀ ਢੀਂਡਸਾ ਦੇ ਗਲ ਵਿਚ ਸਿਰੋਪੇ ਪਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਲੁਧਿਆਣਾ ਵਿਚ ਸ੍ਰੀ ਢੀਂਡਸਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸ੍ਰੀ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਬਣਨ ਦੀ ਪੇਸ਼ਕਸ਼ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਦਰਕਿਨਾਰ ਕਰ ਦਿੱਤਾ। ਹੁਣ ਜਦੋਂ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਤਾਂ ਅਜਿਹੇ ਸਮੇਂ ਉਨ੍ਹਾਂ ਦੇ ਕਿਸੇ ਸਾਥੀ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ। ਇਸ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਜਿਸ ਭਾਵਨਾ ਅਤੇ ਊਦੇਸ਼ ਨੂੰ ਲੈ ਕੇ ਇਹ ਜਥੇਬੰਦੀ ਬਣਾਈ ਗਈ ਸੀ, ਉਹ ਉਸ ’ਤੇ ਪਹਿਰਾ ਦੇਣਗੇ। ਡਾ. ਰਤਨ ਸਿੰਘ ਅਜਨਾਲਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਘਰ ਵਿਚ ਹਨ। ਇੱਥੇ ਦੱਸਣਯੋਗ ਹੈ ਕਿ ਡਾ. ਅਜਨਾਲਾ ਦਾ ਬੇਟਾ ਬੋਨੀ ਅਮਰਪਾਲ ਸਿੰਘ ਅਜਨਾਲਾ ਪਹਿਲਾਂ ਹੀ ਅਕਾਲੀ ਦਲ (ਟਕਸਾਲੀ) ਛੱਡ ਕੇ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕਾ ਹੈ। ਉਸ ਦੀ ਘਰ ਵਾਪਸੀ ਤੋਂ ਬਾਅਦ ਡਾ. ਅਜਨਾਲਾ ਵੀ ਸਰਗਰਮ ਸਿਆਸਤ ਛੱਡ ਕੇ ਘਰ ਬੈਠ ਚੁੱਕੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All