ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਸਤੰਬਰ
ਸਾਬਕਾ ਆਈਜੀ ਅਤੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅੱਜ ਵਾਲਮੀਕਿ ਭਾਈਚਾਰੇ ਦੀਆਂ ਕੁਝ ਜਥੇਬੰਦੀਆਂ ਵੱਲੋਂ ਰਾਮ ਤੀਰਥ ਮੰਦਰ ਦੇ ਪ੍ਰਵੇਸ਼ ਦੁਆਰ ’ਤੇ ਕੀਤੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਉਹ ਇੱਥੇ ਮੰਦਰ ਕੰਪਲੈਕਸ ਵਿੱਚ ਭਗਵਾਨ ਵਾਲਮੀਕਿ ਆਸ਼ਰਮ ਧੁੰਨਾ ਸਾਹਿਬ ਦੀ ਅਗਵਾਈ ਵਿੱਚ ਵਾਲਮੀਕਿ ਸੰਤ ਸਮਾਜ ਵੱਲੋਂ ਲਾਏ ਖੂਨਦਾਨ ਕੈਂਪ ਵਿੱਚ ਪੁੱਜੇ ਸਨ। ਇਸ ਮੌਕੇ ਉਨ੍ਹਾਂ ਖੂਨਦਾਨ ਵੀ ਕੀਤਾ। ਇਸ ਮੌਕੇ ਧੁੰਨਾ ਸਾਹਿਬ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਮੀਤ ਚੇਅਰਮੈਨ ਵਿਨੋਦ ਬਿੱਟਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਵਾਲਮੀਕਿ ਭਾਈਚਾਰੇ ਦਾ ਇੱਕ ਹਿੱਸਾ ਵਿਧਾਇਕ ਨਾਲ ਉਨ੍ਹਾਂ ਵਲੋਂ ਟੀਵੀ ਚੈਨਲ ’ਤੇ ਕੀਤੀ ਕਥਿਤ ਟਿੱਪਣੀ ‘ਗੈਂਗਸਟਰਾਂ ਦੀ ਪਾਰਟੀ’ ਤੋਂ ਨਾਰਾਜ਼ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਈ ਪੁਲੀਸ ਵਾਲੇ ਇੱਕ ਹੋਟਲ ਵਿੱਚ ਜਨਮਦਿਨ ਦੀ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਸਨ। ਉੱਥੇ ਇੱਕ ਕਥਿਤ ਗੈਂਗਸਟਰ ਕਮਲ ਕੁਮਾਰ ਬੋਰੀ ਵੀ ਮੌਜੂਦ ਸੀ ਜਿਸ ਕਾਰਨ ਇਹ ਪਾਰਟੀ ਬਾਰੇ ਵਿਵਾਦ ਪੈਦਾ ਹੋ ਗਿਆ।
ਇਸ ਪਾਰਟੀ ਦਾ ਪ੍ਰਬੰਧ 7 ਅਗਸਤ ਨੂੰ ਪਾਵਨ ਵਾਲਮੀਕਿ ਸੰਘਰਸ਼ ਕਮੇਟੀ ਦੇ ਕੁਮਾਰ ਦਰਸ਼ਨ ਨੇ ਕੀਤਾ ਸੀ। ਇਸ ਸਬੰਧੀ ਵਾਇਰਲ ਵੀਡੀਓ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਅਪਰਾਧੀਆਂ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਵਿਚਕਾਰ ਗੱਠਜੋੜ ਦਾ ਮਾਮਲਾ ਉਠਾਇਆ ਗਿਆ ਸੀ।
ਅੱਜ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਰਾਮ ਤੀਰਥ ਮੰਦਰ ਦੇ ਪ੍ਰਵੇਸ਼ ਦੁਆਰ ਦੇ ਬਾਹਰ ਇਕੱਠੀਆਂ ਹੋਈਆਂ ਅਤੇ ਵਿਧਾਇਕ ’ਤੇ ਭਾਈਚਾਰੇ ਨੂੰ ਵੰਡਣ ਦਾ ਦੋਸ਼ ਲਾਇਆ।