ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਅਗਸਤ
ਗੁਰਦੁਆਰਾ ਮਸਤੂਆਣਾ ਦੀ ਦਿੱਖ ਬਦਲਣ ਲਈ ਸਾਲ 2009 ਵਿੱਚ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਹੁਣ ਤੱਕ ਲਾਗੂ ਨਾ ਕਰਨ ਦੇ ਮਾਮਲੇ ਸਬੰਧੀ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਤਲਬ ਕੀਤਾ ਜਾਵੇ ਅਤੇ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਲਿਆ ਜਾਵੇ ਕਿਉਂਕਿ ਗੁਰਦੁਆਰਾ ਮਸਤੂਆਣਾ ਦੇ ਪ੍ਰਬੰਧ ਸਬੰਧੀ ਬਣੇ ਟਰੱਸਟ ਦੇ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਢੀਂਡਸਾ ਹਨ।
ਸ੍ਰੀ ਫੱਗੂਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਇਸ ਮੰਗ ਬਾਰੇ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਸ ਉਪਰ ਸੰਗਰੂਰ ਸਥਿਤ ਗੁਰਦੁਆਰਾ ਮਸਤੂਆਣਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਬਣਾਉਣ ਦਾ ਵਿਰੋਧ ਪ੍ਰਗਟਾਇਆ ਗਿਆ ਸੀ। ਉਨ੍ਹਾਂ ਇਕ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ’ਤੇ ਇਥੇ ਸਕੱਤਰੇਤ ਵਿੱਚ ਦਿੱਤਾ। ਉਨ੍ਹਾਂ ਆਖਿਆ ਕਿ 2009 ਵਿੱਚ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਵਿੱਚ ਲਿਆਂਦਾ ਗਿਆ ਸੀ। ਉਸ ਵੇਲੇ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਕੇ ਗੁਰਦੁਆਰਾ ਮਸਤੂਆਣਾ ਦੀ ਦਿੱਖ ਬਦਲਣ ਲਈ ਆਦੇਸ਼ ਦਿੱਤੇ ਗਏ ਸਨ ਜੋ ਹੁਣ ਤਕ ਲਾਗੂ ਨਹੀਂ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਿੱਚ ਤਬਦੀਲੀਆਂ ਕਰਨ ਦੇ ਆਦੇਸ਼ ਦੇ ਨਾਂ ਹੇਠ ਇਕ ਆਰਜ਼ੀ ਵਰਾਂਡਾ ਬਣਾ ਕੇ ਇਮਾਰਤ ਨੂੰ ਚੁਫੇਰਿਉਂ ਕਵਰ ਕਰ ਦਿੱਤਾ ਗਿਆ ਹੈ। ਜਦੋਂ ਕਿ ਇਸ ਦੇ ਅੰਦਰ ਸ੍ਰੀ ਦਰਬਾਰ ਸਾਹਿਬ ਦੀ ਤਰਜ਼ ’ਤੇ ਬਣੀ ਇਮਾਰਤ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇਸੇ ਮੰਗ ਸਬੰਧੀ ਜੂਨ 2016 ਵਿੱਚ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਜਨਵਰੀ 2018 ਵਿੱਚ ਭਵਾਨੀਗੜ੍ਹ ਦੇ ਗੁਰਦੁਆਰੇ ਵਿੱਚ ਧਰਨਾ ਦਿੱਤਾ ਸੀ। ਨਵੰਬਰ 2019 ਵਿੱਚ ਗੁਰਦੁਆਰਾ ਨਾਨਕਿਆਣਾ ਵਿੱਚ ਭੁੱਖ ਹੜਤਾਲ ਕੀਤੀ ਸੀ। ਨਵੰਬਰ 2019 ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਪ੍ਰਧਾਨ ਦੀ ਚੋਣ ਵੇਲੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। 26 ਜਨਵਰੀ 2020 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਹੁਣ ਪਹਿਲੀ ਅਗਸਤ ਨੂੰ ਘਰ ਵਿੱਚ ਹੀ ਭੁੱਖ ਹੜਤਾਲ ਰੱਖੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਸੁਣਵਾਈ ਦਾ ਭਰੋਸਾ ਦਿੱਤਾ ਹੈ।