ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਦਿੱਲੀ ਦੇ ਉਪ ਰਾਜਪਾਲ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਤਰਨਜੀਤ ਸਿੰਘ ਸੰਧੂ ਨੇ ਆਖਿਆ ਕਿ ਉਹ ਦਸਤਾਰ ਦੀ ਸ਼ਾਨ ਤੇ ਮਾਣ ਨੂੰ ਹੋਰ ਉੱਚਾ ਚੁੱਕਣ ਅਤੇ ਅੰਮ੍ਰਿਤਸਰ ਤੇ ਪੰਜਾਬ ਦੀ ਤਰੱਕੀ ਲਈ ਆਪਣੇ ਯਤਨ ਨਿਰੰਤਰ ਜਾਰੀ ਰੱਖਣਗੇ।...
ਦਿੱਲੀ ਦੇ ਉਪ ਰਾਜਪਾਲ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਤਰਨਜੀਤ ਸਿੰਘ ਸੰਧੂ ਨੇ ਆਖਿਆ ਕਿ ਉਹ ਦਸਤਾਰ ਦੀ ਸ਼ਾਨ ਤੇ ਮਾਣ ਨੂੰ ਹੋਰ ਉੱਚਾ ਚੁੱਕਣ ਅਤੇ ਅੰਮ੍ਰਿਤਸਰ ਤੇ ਪੰਜਾਬ ਦੀ ਤਰੱਕੀ ਲਈ ਆਪਣੇ ਯਤਨ ਨਿਰੰਤਰ ਜਾਰੀ ਰੱਖਣਗੇ। ਦਿੱਲੀ ਦੇ ਉਪ ਰਾਜਪਾਲ ਨਿਯੁਕਤ ਹੋਣ ਮਗਰੋਂ ਉਹਨਾਂ ਨੇ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਅਤੇ ਭਵਿੱਖ ਵਿੱਚ ਗੁਰੂ ਘਰ ਤੋਂ ਸੇਧ ਲੈ ਕੇ ਅਗਾਂਹ ਚੱਲਣ ਲਈ ਅਸ਼ੀਰਵਾਦ ਲਿਆ ਹੈ।
ਉਪ ਰਾਜਰਾਸ ਸੰਧੂ ਨੇ ਭਾਜਪਾ ਵੱਲੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਚੋਣ ਲੜੀ ਸੀ ਅਤੇ ਉਹ ਇਹ ਚੋਣ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕੋਲੋਂ ਹਾਰ ਗਏ ਸਨ। ਉਹ ਇਸ ਤੋਂ ਪਹਿਲਾਂ ਵੱਖ-ਵੱਖ ਮੁਲਕਾਂ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ।
ਦਰਬਾਸ ਸਾਹਿਬ ਪਹੁੰਚਣ ’ਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ,ਸੁਰਜੀਤ ਸਿੰਘ ਭਿੱਟੇਵੱਢ ਤੇ ਹੋਰਨਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲੋਂ ਨਾ ਕੇਵਲ ਗੁਰਦੁਆਰਾ ਸੁਧਾਰ ਲਹਿਰ ਸਗੋਂ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿਚ ਵੀ ਅਹਿਮ ਭੂਮਿਕਾ ਨਿਭਾਈ ਗਈ ਸੀ ਅਤੇ ਉਹਨਾਂ ਦੇ ਪਿਤਾ ਉੱਘੇ ਸਿੱਖਿਆ ਸ਼ਾਸਤਰੀ ਬਿਸ਼ਨ ਸਿੰਘ ਸਮੁੰਦਰੀ ਨੂੰ ਵੀ ਗੁਰੂ ਘਰ ਤੋਂ ਹੀ ਮਾਣ-ਸਨਮਾਨ ਮਿਲਿਆ ਸੀ। ਉਹਨਾ ਵੀ ਗੁਰੂ ਘਰ ਵਿੱਚ ਇਹੀ ਅਰਦਾਸ ਕੀਤੀ ਹੈ ਕਿ ਪੁਰਖਿਆਂ ਵੱਲੋਂ ਪਾਈਆਂ ਗਈਆਂ ਪੈੜਾ ਤੇ ਚਲਦਿਆਂ ਹੋਇਆਂ ਉਹ ਵੀ ਇਸੇ ਤਰ੍ਹਾਂ ਸੇਵਾ ਕਰ ਸਕਣ।
ਉਨਾਂ ਨੇ ਕਿਹਾ ਕਿ ਰਸਤੇ ਵਿੱਚ ਭਾਵੇਂ ਅਨੇਕਾਂ ਚੁਣੌਤੀਆਂ ਹਨ, ਪਰ ਗੁਰੂ ਘਰ ਦੀ ਕਿਰਪਾ ਨਾਲ ਮਿਲੇ ਮਾਣ-ਸਨਮਾਨ ਨੂੰ ਨਿਮਰਤਾ ਨਾਲ ਸਵੀਕਾਰ ਕਰਦਿਆਂ ਹਰ ਚੁਣੌਤੀ ਨੂੰ ਸੇਵਾ ਅਤੇ ਇਮਾਨਦਾਰੀ ਨਾਲ ਸਰ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ “ਮੇਰੇ ਸਿਰ ’ਤੇ ਦਸਤਾਰ ਸਿਰਫ਼ ਮੇਰੀ ਪਹਿਚਾਣ ਨਹੀਂ, ਸਿੱਖ ਕੌਮ ਦੀ ਸ਼ਾਨ ਹੈ।” ਇਸ ਦੀ ਇੱਜ਼ਤ, ਸ਼ਾਨ ਤੇ ਮਾਣ ਨੂੰ ਹੋਰ ਉੱਚਾ ਕਰਨ ਲਈ ਉਹ ਹਮੇਸ਼ਾ ਅਣਥੱਕ ਕੋਸ਼ਿਸ਼ ਕਰਦੇ ਰਹਿਣਗੇ।
ਬੰਦੀ ਸਿੱਖ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਦਿੱਲੀ ਸਰਕਾਰ ਕੋਲ ਪਏ ਮਾਮਲੇ ਬਾਰੇ ਪੁੱਛੇ ਸਵਾਲ ਦੇ ਸਬੰਧ ਵਿੱਚ ਉਹਨਾਂ ਟਾਲਾ ਵਟਦਿਆਂ ਆਖਿਆ ਕਿ ਫਿਲਹਾਲ ਉਹ ਗੁਰੂ ਘਰ ਵਿਖੇ ਨਤਮਸਤਕ ਹੋਣ ਅਤੇ ਅਸ਼ੀਰਵਾਦ ਲੈਣ ਆਏ ਹਨ।
ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਟਾਹਲਾ ਸਾਹਿਬ, ਚੱਬਾ ਵਿਖੇ ਮੱਥਾ ਟੇਕ ਕੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ, ਜਿੱਥੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੱਲੋਂ ਉਹਨਾਂ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

