ਅੰਮ੍ਰਿਤਸਰ ’ਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਦਾ ਕਰਫਿਊ ਜਾਰੀ ਰਹੇਗਾ

ਰਾਤ ਸਮੇਂ ਬਾਹਰ ਨਿਕਲਣ ਲਈ ਪਾਸ ਹੋਵੇਗਾ ਜ਼ਰੂਰੀ; ਦੁਕਾਨਾਂ ਵਾਰੀ ਮੁਤਾਬਕ ਖੋਲ੍ਹਣ ਦਾ ਫ਼ੈਸਲਾ

ਅੰਮ੍ਰਿਤਸਰ ’ਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਦਾ ਕਰਫਿਊ ਜਾਰੀ ਰਹੇਗਾ

ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਰੇਲਵੇ ਸਟੇਸ਼ਨ ’ਤੇ ਲੱਗੀ ਮੁਸਾਫ਼ਿਰਾਂ ਦੀ ਭੀਡ਼। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 1 ਜੂਨ

 

ਮੁੱਖ ਅੰਸ਼

  • ਦਿਹਾਤੀ ਖੇਤਰ ’ਚ ਦੁਕਾਨਾਂ ਸਵੇਰ 9 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ

ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੀ ਗਈ ਤਾਲਾਬੰਦੀ ਨੂੰ 30 ਜੂਨ ਤੱਕ ਵਧਾਉਣ ਦੇ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਫਿਲਹਾਲ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਭੀੜ ’ਤੇ ਕਾਬੂ ਰੱਖਣ ਵਾਸਤੇ ਵਾਰੀ ਮੁਤਾਬਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਥਾਵਾਂ ਉੱਤੇ ਨਵੀਆਂ ਰਿਆਇਤਾਂ ਲਾਗੂ ਹੋਣਗੀਆਂ। ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਜਾਰੀ ਰਹੇਗਾ। ਸਿਰਫ਼ ਰੇਲ ਤੇ ਹਵਾਈ ਯਾਤਰਾ ਉੱਤੇ ਜਾਣ ਵਾਲੇ ਮੁਸਾਫਿਰਾਂ ਦੀਆਂ ਟਿਕਟਾਂ ਉਨ੍ਹਾਂ ਦਾ ਕਰਫਿਊ ਪਾਸ ਮੰਨੀਆਂ ਜਾਣਗੀਆਂ। ਇਸ ਤੋਂ ਇਲਾਵਾ ਬਾਹਰ ਨਿਕਲਣ ਲਈ ਕਰਫਿਊ ਪਾਸ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਮਾਸਕ ਤੋਂ ਘੁੰਮਣ ਅਤੇ ਭੀੜ ਇਕੱਠੀ ਹੋਣ ਦੀ ਸੂਰਤ ਵਿੱਚ ਪੁਲੀਸ ਵੱਲੋਂ ਚਲਾਨ ਕੱਟਣ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਵਿੱਚ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਤਿੰਨ ਗਰੁੱਪ ਬਣਾ ਕੇ ਦੁਕਾਨਾਂ ਖੁੱਲ੍ਹਣਗੀਆਂ। ਸਾਰੇ ਬਾਜ਼ਾਰ ਇੱਕੋ ਵੇਲੇ ਨਹੀਂ ਖੁੱਲ੍ਹ ਸਕਣਗੇ। ਅੰਦਰਲੇ ਅਤੇ ਭੀੜੇ ਬਾਜ਼ਾਰਾਂ ਵਿਚੋਂ ਇਕ-ਇਕ ਗਰੁੱਪ ਹੀ ਖੁੱਲੇਗਾ। ਵੱਡੇ ਬਾਜ਼ਾਰ ਦਾ ਪਹਿਲਾਂ ਦੀ ਤਰ੍ਹਾਂ ਇਕ ਸਮੇਂ ਇਕ ਪਾਸਾ ਹੀ ਖੁੱਲ੍ਹ ਸਕੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਆਂ ਹਦਾਇਤਾਂ ਅਨੁਸਾਰ ਸਿਨੇਮਾਘਰ, ਜਿਮਨੇਜ਼ੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ ਆਦਿ ਬੰਦ ਰਹਿਣਗੇ। ਕਿਸੇ ਵੀ ਤਰ੍ਹਾਂ ਦੇ ਇਕੱਠ ਉਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸੜਕ ਅਤੇ ਜਨਤਕ ਸਥਾਨਾਂ ’ਤੇ ਥੁੱਕਣ ’ਤੇ ਸਖਤ ਕਾਰਵਾਈ ਹੋਵੇਗੀ ਅਤੇ ਵਿਆਹਾਂ ਮੌਕੇ ਵੀ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਤੇ ਰੋਕ ਕਾਇਮ ਰਖੀ ਗਈ ਹੈ।

ਅੰਮ੍ਰਿਤਸਰ ਤੋਂ ਹਰਿਦੁਆਰ ਅਤੇ ਜੈ ਨਗਰ ਲਈ ਦੋ ਰੇਲਾਂ ਰਵਾਨਾ

ਕੇਂਦਰ ਸਰਕਾਰ ਦੇ ਐਲਾਨ ਤਹਿਤ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਦੋ ਰੇਲ ਗੱਡੀਆਂ ਰਵਾਨਾ ਹੋਈਆਂ। ਪਹਿਲੀ ਰੇਲ ਹਰਿਦੁਆਰ ਗਈ, ਜਿਸ ਵਿੱਚ 244 ਯਾਤਰੀ ਰਵਾਨਾ ਹੋਏ ਅਤੇ ਦੂਜੀ ਰੇਲ ਜੈ ਨਗਰ ਲਈ ਗਈ, ਜਿਸ ਵਿੱਚ 83 ਯਾਤਰੀ ਸਵਾਰ ਸਨ। ਅੰਮ੍ਰਿਤਸਰ-ਹਰਿਦੁਆਰ ਵਿਚਾਲੇ ਸ਼ੁਰੂ ਹੋਈ ਜਨ ਸ਼ਤਾਬਦੀ ਰਾਤ ਨੂੰ ਪਰਤੇਗੀ। ਰੇਲਵੇ ਸਟੇਸ਼ਨ ਦੇ ਇੰਚਾਰਜ ਅਸ਼ੋਕ ਸਲਾਰੀਆ ਨੇ ਦੱਸਿਆ ਕਿ ਅੱਜ ਯਾਤਰੀਆਂ ਦੀ ਸਕਰੀਨਿੰਗ ਕਰ ਕੇ ਉਨ੍ਹਾਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੇਸ਼ਨ ਅਤੇ ਰੇਲ ਵਿੱਚ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਫਿਲਹਾਲ ਛੇ ਰੇਲ ਗੱਡੀਆਂ ਸ਼ੁਰੂ ਕਰਨ ਦਾ ਫੈਸਲਾ ਹੋਇਆ ਹੈ, ਜਿਸ ਤਹਿਤ ਅੱਜ ਦੋ ਰੇਲਾਂ ਰਵਾਨਾ ਹੋਈਆਂ ਹਨ। ਭਲਕੇ ਦੋ ਜੂਨ ਨੂੰ ਜੈ ਨਗਰ ਤੋਂ ਰੇਲ ਗੱਡੀ ਵਾਪਸ ਆਵੇਗੀ। ਇਸੇ ਤਰ੍ਹਾਂ ਨਿਊ ਜਲਪਾਈਗੁੜੀ ਵਾਸਤੇ ਵੀ ਰੇਲ ਗੱਡੀ ਚਲਾਈ ਜਾ ਰਹੀ ਹੈ। ਰੇਲ ਗੱਡੀ ਰਾਹੀਂ ਯਾਤਰਾ ਕਰਨ ਵਾਲੇ ਹਰੇਕ ਯਾਤਰੀ ਲਈ ਅਰੋਗਿਆ ਸੇਤੂ ਐਪ ਅਤੇ ਮਾਸਕ ਲਾਜ਼ਮੀ ਕੀਤਾ ਗਿਆ ਹੈ।

ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼

ਜਲੰਧਰ (ਪਾਲ ਸਿੰਘ ਨੌਲੀ): ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਕਿਹਾ ਹੈ ਕਿ ਲੌਕਡਾਊਨ ਦੀ ਪਾਲਣਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਅਤੇ ਲੌਕਡਾਊਨ ਦੀ ਉਲੰਘਣਾ ਕਰਨਾ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਜ਼ਾ ਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ-5/ਅਨਲਾਕ-1 ਤਹਿਤ ਜ਼ਿਲ੍ਹੇ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ’ਤੇ ਪਾਬੰਦੀ ਹੋਵੇਗੀ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਛੋਟੇ ਬੱਚੇ ਘਰਾਂ ਵਿੱਚ ਹੀ ਰਹਿਣ। ਪਹਿਲੀ ਜੂਨ ਤੋਂ 30 ਜੂਨ ਤੱਕ ਸਿਨੇਮਾ ਹਾਲ, ਜਿਮਨੇਜ਼ੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਹੋਰ ਅਜਿਹੀਆਂ ਥਾਵਾਂ ਖੁੱਲ੍ਹਣ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਪੂਰਨ ਪਾਬੰਦੀ ਹੋਵੇਗੀ, ਭਾਵੇਂ ਕਿ ਇਨ੍ਹਾਂ ਦੀ ਵਿੱਕਰੀ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਵੇਲੇ 50 ਤੋਂ ਵੱਧ ਅਤੇ ਅੰਤਿਮ ਸੰਸਕਾਰ ’ਤੇ 20 ਤੋਂ ਵਧੇਰੇ ਵਿਅਕਤੀ ਦਾ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਿਰਧਾਰਤ ਸੰਚਾਲਨ ਵਿਧੀ (ਐਸਓਪੀਜ਼) ਤੇ ਦਿਸ਼ਾ ਨਿਰਦੇਸ਼ ਅਨੁਸਾਰ 8 ਜੂਨ ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲ੍ਹੇ ਜਾ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All