ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ; ਜਥੇਦਾਰ ਵੱਲੋਂ ਕੌਮ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ
ਪੰਜਾਬ ’ਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਮੋੜਨ ਲਈ ਸੰਗਤ ਬਾਣੀ ਤੇ ਬਾਣੇ ਦੀ ਧਾਰਨੀ ਬਣੇ: ਜਥੇਦਾਰ ਗੜਗੱਜਨਿੱਜੀ ਪੱਤਰ ਪ੍ਰੇਰਕ
ਮੀਰੀ-ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੂਰੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਇਤਿਹਾਸਕ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਨਸ਼ਿਆਂ ਦੀ ਭਿਆਨਕ ਬੁਰਾਈ ਤੋਂ ਬਚਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਪੁਰਜ਼ੋਰ ਪ੍ਰੇਰਨਾ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਬੇਹੱਦ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜਿਸ ਦੀ ਲਪੇਟ ਵਿੱਚ ਸਾਡੀ ਜਵਾਨੀ ਆ ਰਹੀ ਹੈ। ਇਸ ਨਾਮੁਰਾਦ ਬੁਰਾਈ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਖ਼ੁਦ ਅੱਗੇ ਹੋ ਕੇ ਯਤਨ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖ਼ਾਲਸਾ ਪੰਥ ਹੀ ਆਪਣੀ ਗੌਰਵਮਈ ਰਵਾਇਤ ਨਾਲ ਇਸ ਨਸ਼ਿਆਂ ਦੇ ਦਰਿਆ ਦਾ ਵਹਿਣ ਮੋੜਨ ਦੇ ਸਮਰੱਥ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਰਲ-ਮਿਲ ਕੇ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰਾਣੀ ਗੁਰੂ ਦੇ ਲੜ ਲੱਗੇਗਾ, ਖੰਡੇ-ਬਾਟੇ ਦੀ ਪਾਹੁਲ ਛਕੇਗਾ ਅਤੇ ਨਿਤਨੇਮੀ ਬਣ ਕੇ ਬਾਣੀ ਤੇ ਬਾਣੇ ਦਾ ਧਾਰਨੀ ਬਣੇਗਾ, ਤਾਂ ਉਹ ਖ਼ੁਦ-ਬਖ਼ੁਦ ਹੀ ਹਰ ਪ੍ਰਕਾਰ ਦੇ ਵਿਕਾਰਾਂ ਤੇ ਨਸ਼ਿਆਂ ਦੀ ਬੁਰਾਈ ਤੋਂ ਦੂਰ ਹੋ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਸਥਾਪਨਾ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਜਥੇਦਾਰ ਨੇ ਇਸ ਤਖ਼ਤ ਦੀ ਸਥਾਪਨਾ ਦੇ ਮੂਲ ਮੰਤਵ ਅਤੇ ਇਤਿਹਾਸ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿੱਚ ਗੁਰੂ ਦੇ ਤਖ਼ਤ ਦੇ ਸਰਵਉੱਚ ਸਿਧਾਂਤ, ਮਰਿਆਦਾ ਅਤੇ ਇਸ ਦੀ ਸਰਵਉੱਚਤਾ ਨੂੰ ਹਰ ਹਾਲ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਕੁਝ ਪੰਥ ਵਿਰੋਧੀ ਤਾਕਤਾਂ ਇਸ ਮਹਾਨ ਸੰਸਥਾ ਦੀ ਸਰਵਉੱਚਤਾ ਦੇ ਸਿਧਾਂਤ ਅਤੇ ਹੋਂਦ ਨੂੰ ਢਾਹ ਲਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਪਛਾਨਣ ਦੀ ਬੇਹੱਦ ਲੋੜ ਹੈ।
ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਆਖਿਆ ਕਿ ਉਹ ਅਜਿਹੀਆਂ ਅੰਦਰੂਨੀ ਤੇ ਬਾਰੂਦੀ ਚੁਣੌਤੀਆਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਇੱਕਜੁੱਟ ਹੋਣ ਅਤੇ ਹਮੇਸ਼ਾ ਚੌਕਸ ਰਹਿਣ। ਜਥੇਦਾਰ ਨੇ ਕੌਮ ਨੂੰ ਸ਼ਸਤਰਧਾਰੀ ਹੋਣ ਦੀ ਪਰੰਪਰਾ ਨਾਲ ਜੁੜਨ ਦੀ ਵੀ ਪ੍ਰੇਰਨਾ ਦਿੱਤੀ ਅਤੇ ਸੰਗਤ ਨੂੰ ਯਾਦ ਕਰਵਾਇਆ ਕਿ ਖ਼ਾਲਸੇ ਦੇ ਇਹ ਸ਼ਸਤਰ ਹਮੇਸ਼ਾ ਮਜ਼ਲੂਮਾਂ ਤੇ ਗ਼ਰੀਬਾਂ ਦੀ ਰਾਖੀ ਅਤੇ ਜ਼ੁਲਮ ਦੇ ਖ਼ਾਤਮੇ ਵਾਸਤੇ ਹਨ।
