ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਜੁਲਾਈ
ਸ਼ਹਿਰ ਵਿੱਚ ਕਰੋਨਾ ਦਾ ਕਹਿਰ ਬਰਕਰਾਰ ਹੈ ਅਤੇ ਅੱਜ ਵੀ ਇਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ ਜਦੋਂ ਕਿ 12 ਹੋਰ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ 55 ਵਰ੍ਹਿਆਂ ਦੇ ਜਸਵੰਤ ਸਿੰਘ ਦੀ ਕਰੋਨਾ ਕਾਰਨ ਮੌਤ ਹੋਈ ਹੈ। ਉਹ ਇੱਥੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਹ ਤਰਨ ਤਾਰਨ ਰੋਡ ਦੇ ਦਿਲਬਾਗ ਸਿੰਘ ਨਗਰ ਦਾ ਵਾਸੀ ਹੈ। ਇਸ ਦੀ ਮੌਤ ਨਾਲ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 50 ਹੋ ਗਿਆ ਹੈ।
ਇਸ ਦੌਰਾਨ ਸ਼ਹਿਰ ਵਿੱਚ 12 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ, ਜਿਨ੍ਹਾਂ ਵਿੱਚੋਂ ਦਸ ਆਈਐੱਲਆਈ ਨਾਲ ਸਬੰਧਤ ਮਾਮਲੇ ਹਨ। ਇਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿੱਚੋਂ ਕੋਟ ਆਤਮਾ ਸਿੰਘ ਨਗਰ, ਸੰਧੂ ਐਵੀਨਿਊ ਛੇਹਰਟਾ, ਦਿਲਬਾਗ ਨਗਰ, ਆਜ਼ਾਦ ਨਗਰ ਸੁਲਤਾਨਵਿੰਡ ਰੋਡ, ਅਜਨਾਲਾ ਰੋਡ, ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਦੋ ਸ਼ਹੀਦ ਊਧਮ ਸਿੰਘ ਨਗਰ, ਇਕ ਬਾਬਾ ਸਾਹਿਬ ਸਿੰਘ ਚੌਕ ਅਤੇ ਇਕ ਸੁਦਰਸ਼ਨ ਨਗਰ ਨਾਲ ਸਬੰਧਤ ਹੈ। ਦੋ ਮਾਮਲੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਸੰਪਰਕ ਵਿੱਚ ਆਉਣ ਨਾਲ ਲਗੀ ਲਾਗ ਨਾਲ ਸਬੰਧਤ ਹਨ। ਇਹ ਦੋਵਾਂ ਵਿਅਕਤੀਆਂ ਨੂੰ ਗੁਰੂ ਰਾਮਦਾਸ ਨਗਰ ਹਰੀਜਨ ਨਗਰ ਕਲੋਨੀ ਤੋਂ ਕਰੋਨਾ ਦੀ ਲਾਗ ਲੱਗੀ ਹੈ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਪੀੜਤਾਂ ਦਾ ਅੰਕੜਾ 1060 ਹੋ ਗਿਆ ਹੈ ਜਦੋਂ ਕਿ 863 ਮਰੀਜ਼ ਠੀਕ ਹੋ ਚੁੱਕੇ ਹਨ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਭੋਗਪੁਰ ਸ਼ਹਿਰ ਦੇ ਅਰੋੜਾ ਮੁਹੱਲਾ ਅਤੇ ਦਸਮੇਸ਼ ਨਗਰ ਵਿੱਚ ਕਰੋਨਾਵਾਇਰਸ ਦੇ 24 ਮਾਮਲੇ ਸਾਹਮਣੇ ਆਏ ਹਨ। ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਸਰਕਾਰੀ ਹਸਪਤਾਲ ਕਾਲਾ ਬੱਕਰਾ ਦੇ ਐੱਸਐੱਮਓ ਡਾ. ਕਮਲ ਸਿੱਧੂ, ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਅਤੇ ਡਾਕਟਰਾਂ ਦੀ ਟੀਮ, ਕੋਵਿਡ-19 ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਅਤੇ ਇਕਾਂਤਵਾਸ ਲਈ ਬਣੇ ਸਥਾਨ ਮੈਰੀਟੋਰੀਅਲ ਸਕੂਲ ਜਲੰਧਰ ਵਿੱਚ ਭਰਤੀ ਕਰਵਾ ਰਹੇ ਹਨ।
ਐੱਸਐੱਮਓ ਡਾ. ਕਮਲ ਸਿੱਧੂ ਨੇ ਦੱਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਵਿਅਕਤੀ ਕਰੀਬ 95 ਫੀਸਦੀ ਇਕ ਪਰਿਵਾਰ ਨਾਲ ਹੀ ਸਬੰਧ ਰੱਖਦੇ ਹਨ।
ਅਰੋੜਾ ਮੁਹੱਲਾ ਦੇ ਵਾਸੀ ਸ਼ਕੁੰਤਲਾ ਸੋਨੀ, ਗੁਰਮਿੰਦਰ ਸਿੰਘ, ਦੀਪਕ ਸੋਨੀ, ਵੀਨਾ ਸੋਨੀ, ਹਰਸ਼ਿਤ ਸੋਨੀ, ਹਰਜਿੰਦਰ ਕੁਮਾਰ, ਦਿਕਸ਼ਿਤ ਸੋਨੀ, ਸ਼ਿਵ ਕੁਮਾਰ, ਸੰਜੀਵ ਸੋਨੀ, ਪੂਜਾ ਸੋਨੀ, ਅਨੁਕੁਸ਼ ਸੋਨੀ, ਰਾਕਿਸ਼ਤ ਸੋਨੀ, ਅਸ਼ੀਤਾ ਸੋਨੀ ਤੋਂ ਇਲਾਵਾ ਦਸਮੇਸ਼ ਨਗਰ ਭੋਗਪੁਰ ਦੇ ਚਰਨ ਦਾਸ, ਯੋਗੇਸ਼ ਕੁਮਾਰ, ਦਿਸ਼ਾ, ਅਰਾਵ, ਅਮਰ, ਨੀਲਮ ਰਾਣੀ ਅਤੇ ਲੜੋਈ ਵਾਸੀ ਨਰੇੇਸ਼ ਕੁਮਾਰ, ਪਿੰਡ ਬੁੱਟਰਾਂ ਦਾ ਸੁੱਖਾ ਅਤੇ ਪਿੰਡ ਲੁਹਾਰਾਂ ਦਾ ਲਤੀਫ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇੱਥੋਂ ਦੇ ਦਸ਼ਮੇਸ਼ ਨਗਰ ਵਿੱਚ ਰਹਿਣ ਵਾਲੇ 30 ਸਾਲਾਂ ਵਿਅਕਤੀ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੁਝ ਦਿਨ ਪਹਿਲਾਂ ਇਸ ਦੇ ਪਿਤਾ ਜਲੰਧਰ ਮਿਲਟਰੀ ਹਸਪਤਾਲ ਵਿੱਚ ਦਾਖਿਲ ਸੀ ਜਿੱਥੇ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਕਾਰਨ ਉਨ੍ਹਾਂ ਦੀ ਪਤਨੀ, ਉਸ ਦਾ ਲੜਕਾ ਤੇ ਉਸ ਦੀ ਨੂੰਹ ਦਾ ਕਰੋਨਾ ਟੈਸਟ ਲਿਆ ਗਿਆ ਸੀ। ਇਸ ਦੀ ਅੱਜ ਰਿਪੋਰਟ ਆਉਣ ’ਤੇ ਉਨ੍ਹਾਂ ਦੇ ਲੜਕੇ ਅਸ਼ੀਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ’ਚ ਅੱਜ ਇੱਕ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 194 ਹੋ ਗਈ ਹੈ। ਅੱਜ ਪਾਜ਼ੇਟਿਵ ਆਇਆ ਮਰੀਜ਼ 15 ਸਾਲਾ ਨੌਜਵਾਨ ਹੈ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਹ ਦੂਜੇ ਰਾਜ ਤੋਂ ਆਇਆ ਸੀ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਿੱਤੀ।
ਕਰੋਨਾ ਪੀੜਤਾਂ ਦੇ ਪਰਿਵਾਰਾਂ ਦੇ ਸੈਂਪਲ ਲਏ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਨੇੜਲੇ ਪਿੰਡ ਡੇਅਰੀਵਾਲ ਦਰੋਗਾ ਦੇ ਬਠਿੰਡਾ ਰਿਫਾਈਨਰੀ ਵਿੱਚ ਕੰਮ ਕਰਦੇ ਦੋ ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੀ ਸਿਹਤ ਵਿਭਾਗ ਦੀ ਟੀਮ ਵੀ ਹਰਕਤ ਵਿੱਚ ਆ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਮਹਿੰਦਰਪਾਲ ਅਤੇ ਜਗਦੀਸ਼ ਨੇ ਦੱਸਿਆ ਕਿ ਡੇਹਰੀਵਾਲ ਦਰੋਗ਼ਾ ਦੇ ਵਿਅਕਤੀ ਜੋ 28 ਅਤੇ 29 ਜੂਨ ਨੂੰ ਘਰਾਂ ਤੋਂ ਬਠਿੰਡਾ ਕੰਮ ’ਤੇ ਗਏ ਸਨ ਜਿੱਥੇ ਉਨ੍ਹਾਂ ਨੂੰ ਹਲਕਾ ਬੁਖ਼ਾਰ ਹੋਣ ਤੋਂ ਬਾਅਦ 7 ਜੁਲਾਈ ਨੂੰ ਦੋਵਾਂ ਦੇ ਕਰੋਨਾ ਦੇ ਨਮੂਨੇ ਲਾਏ ਗਏ। ਇਹ ਨਮੂਨੇ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਵਿਅਕਤੀਆਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਗੁਰਦਾਸਪੁਰ ਜ਼ਿਲ੍ਹੇ ’ਚ ਰਹਿੰਦੇ ਪਰਿਵਾਰਕ ਮੈਂਬਰਾਂ ਦਾ ਵੀ ਮੁਆਇਨਾ ਕੀਤਾ ਗਿਆ ਹੈ।
ਬਟਾਲਾ ’ਚ ਪੱਤਰਕਾਰ ਸਮੇਤ ਚਾਰ ਕਰੋਨਾ ਪਾਜ਼ੇਟਿਵ
ਬਟਾਲਾ (ਦਲਬੀਰ ਸੱਖੋਵਾਲੀਆ): ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਅੱਜ ਨਗਰ ਵਿੱਚ ਚਾਰ ਕਰੋਨਾ ਪਾਜ਼ੇਟਿਵ ਕੇਸ ਆਏ। ਇਨ੍ਹਾਂ ਵਿੱਚ ਇੱਕ ਪੱਤਰਕਾਰ ਅਤੇ ਇੱਕ ਵਿਦੇਸ਼ ਤੋਂ ਆਇਆ ਵਿਅਕਤੀ ਸ਼ਾਮਲ ਹੈ। ਡਾ. ਭੱਲਾ ਨੇ ਦੱਸਿਆ ਕਿ ਇਨ੍ਹਾਂ ’ਚ ਦੋ ਕੇਸ ਮੀਆਂ ਮੁਹੱਲਾ ਦੇ ਹਨ।