ਕਰੋਨਾ ਮਹਾਮਾਰੀ: ਅੰਮ੍ਰਿਤਸਰ ’ਚ ਦੋ ਵਿਅਕਤੀਆਂ ਦੀ ਮੌਤ

ਅੰਮ੍ਰਿਤਸਰ ਵਿੱਚ 16 ਹੋਰ ਨਵੇਂ ਮਾਮਲੇ: ਸੈਲਾ ਖੁਰਦ ਦੀ ਪੇਪਰ ਮਿੱਲ ਵਿੱਚ ਤਿੰਨ ਮਜ਼ਦੂਰ ਕਰੋਨਾ ਪਾਜ਼ੇਟਿਵ

ਕਰੋਨਾ ਮਹਾਮਾਰੀ: ਅੰਮ੍ਰਿਤਸਰ ’ਚ ਦੋ ਵਿਅਕਤੀਆਂ ਦੀ ਮੌਤ

ਜੰਡਿਆਲਾ ਗੁਰੂ ਵਿੱਚ ਕਰੋਨਾ ਪਾਜ਼ੇਟਿਵ ਮਹੇਸ਼ਵਰ ਠਾਕੁਰ ਨੂੰ ਲੈ ਕੇ ਜਾਂਦੀ ਹੋਈ ਸਿਹਤ ਵਿਭਾਗ ਤੇ ਪੁਲੀਸ ਦੀ ਟੀਮ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੁਲਾਈ

ਇੱਥੇ ਗੁਰੂ ਨਗਰੀ ਵਿੱਚ ਅੱਜ ਦੋ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ ਅਤੇ 16 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਇਨ੍ਹਾਂ ਦੋ ਮੌਤਾਂ ਨਾਲ ਜ਼ਿਲੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 52 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਅੱਜ ਕਰੋਨਾ ਕਾਰਨ 72 ਵਰ੍ਹਿਆਂ ਦੇ ਧਰਮਵੀਰ ਦੀ ਮੌਤ ਹੋਈ ਹੈ। ਉਹ ਵਿਜੈ ਨਗਰ ਇਲਾਕੇ ਦਾ ਵਾਸੀ ਸੀ। ਉਸ ਨੂੰ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਰੋਗ ਵੀ ਸੀ। ਉਹ ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇਸ ਤੋਂ ਇਲਾਵਾ 48 ਵਰ੍ਹਿਆਂ ਦੇ ਬੋਬੀ ਵਾਸੀ ਲਾਹੌਰੀਆਂ ਵਾਲੀ ਗਲੀ ਦੀ ਮੌਤ ਹੋਈ ਹੈ। ਉਹ ਵੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਅਤੇ ਹਾਈਪਰਟੈਂਸ਼ਨ ਅਤੇ ਲੀਵਰ ਸੈਰੋਸਿਸ ਤੋਂ ਪੀੜਤ ਸੀ।

ਅੱਜ ਆਏ ਨਵੇਂ 16 ਕਰੋਨਾ ਪੀੜਤ ਮਾਮਲਿਆਂ ਵਿੱਚ 14 ਆਈਐੱਲਆਈ ਕੇਸ ਹਨ। ਇਨ੍ਹਾਂ ਵਿੱਚੋਂ ਇਕ ਗੁਰਬਖਸ਼ ਨਗਰ, ਇਕ ਜੰਡਿਆਲਾ ਗੁਰੂ, ਇਕ ਭੱਲਾ ਕਲੋਨੀ ਛੇਹਰਟਾ, ਦੋ ਡੇਰਾ ਬਿਆਸ ਹਸਪਤਾਲ ਤੋਂ, ਇਕ ਚਮਿਆਰੀ (ਅਜਨਾਲਾ), ਇਕ ਸ਼ੁਗਰ ਮਿਲ ਛੇਹਰਟਾ, ਇਕ ਛੇਹਰਟਾ ਚੌਕ ਸਥਿਤ ਲਾਹੌਰੀਆਂ ਵਾਲੀ ਗਲੀ, ਇਕ ਭਰਾੜੀਵਾਲ, ਇਕ ਜੰਡਿਆਲਾ ਦੇ ਜੋਤੀਸਰ ਕਲੋਨੀ, ਇਕ ਗੰਡਾ ਸਿੰਘ ਕਲੋਨੀ ਅਤੇ ਇਕ ਅਜਨਾਲਾ ਗਰੀਨ ਸਿਟੀ ਨਾਲ ਸਬੰਧਤ ਹੈ। ਦੋ ਮਾਮਲੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਤੋਂ ਲੱਗੀ ਲਾਗ ਦੇ ਹਨ। ਇਹ ਦੋਵੇਂ ਮਾਮਲੇ ਪ੍ਰੀਤ ਨਗਰ ਬਟਾਲਾ ਰੋਡ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 1076 ਹੋ ਗਈ ਹੈ। ਇਨ੍ਹਾਂ ਵਿੱਚੋਂ 874 ਠੀਕ ਹੋ ਚੁੱਕੇ ਹਨ ਅਤੇ 52 ਦੀ ਮੌਤ ਹੋ ਚੁੱਕੀ ਹੈ ਤੇ 150 ਜ਼ੇਰੇ ਇਲਾਜ ਹਨ

ਗੜ੍ਹਸ਼ੰਕਰ (ਪੱਤਰ ਪ੍ਰੇਰਕ): ਤਹਿਸੀਲ  ਦੇ ਕਸਬਾ ਸੈਲਾ ਖੁਰਦ ਵਿੱਚ ਸਥਿਤ ਕੁਆਂਟਮ ਪੇਪਰ ਮਿੱਲ ਵਿੱਚ ਮਜ਼ਦੂਰੀ ਲਈ ਬਿਹਾਰ ਤੋਂ  ਆਏ ਤਿੰਨ ਮਜ਼ਦੂਰਾਂ ਦੇ ਟੈਸਟ ਕਰੋਨਾ ਪਾਜ਼ੇਟਿਵ ਆਏ ਹਨ। ਦੱਸਣਯੋਗ ਹੈ ਕਿ ਇਸ ਮਿੱਲ ਵਿੱਚ  ਬਿਹਾਰ ਅਤੇ ਯੂਪੀ ਤੋਂ ਅਨੇਕਾਂ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਦੀ ਰਿਹਾਇਸ਼ ਮਿੱਲ ਦੇ  ਅੰਦਰ ਅਤੇ ਬਾਹਰ ਸਥਿਤ ਕਾਲੋਨੀਆਂ ਵਿੱਚ ਹੈ। ਕਰੋਨਾ ਪੀੜਤ ਮਜ਼ਦੂਰਾਂ ਨੂੰ ਸਿਹਤ ਵਿਭਾਗ  ਵਲੋਂ ਇਲਾਜ ਸਬੰਧੀ ਏਕਾਂਤਵਾਸ ਕਰ ਦਿੱਤਾ ਗਿਆ ਹੈ। ਐੱਸਐੱਮਓ ਪੋਸੀ ਡਾ. ਰਘਬੀਰ ਸਿੰਘ  ਅਨੁਸਾਰ ਮਿੱਲ ਵਿੱਚ ਕੁਝ ਦਿਨ ਪਹਿਲਾਂ ਆਏ ਦਸ ਮਰੀਜ਼ਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ  ਵਿੱਚੋਂ ਤਿੰਨ ਮਰੀਜ਼ ਕਰੋਨਾ ਪੀੜਤ ਪਾਏ ਗਏ ਹਨ। 

ਜੰਡਿਆਲਾ ਗੁਰੂ (ਸਿਮਰਤਪਾਲ  ਬੇਦੀ): ਇੱਥੇ ਅੱਜ ਦੋ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਇਸ ਬਾਰੇ ਐੱਸਐੱਮਓ  ਮਾਨਾਂਵਾਲਾ ਡਾ. ਨਿਰਮਲ ਸਿੰਘ ਨੇ ਕਿਹਾ ਕਿ ਅੱਜ ਜੰਡਿਆਲਾ ਗੁਰੂ ਦੀ ਬਾਬਾ ਨਾਮਦੇਵ ਰੋਡ  ਉੱਪਰ ਸਥਿੱਤ ਸੈਲੂਨ ਚਲਾਉਣ ਵਾਲੇ ਮਹੇਸ਼ਵਰ ਠਾਕੁਰ (ਪੰਜਾਹ) ਦੀ ਕਰੋਨਾ ਰਿਪੋਰਟ ਪਾਜ਼ੇਟਿਵ  ਆਈ ਹੈ। ਇਸੇ ਤਰ੍ਹਾਂ ਮੁਹੱਲਾ ਜੋਤੀਸਰ ਵਾਸੀ ਸੱਜਲ ਜੈਨ (28) ਵੀ ਕਰੋਨਾ ਪਾਜ਼ੇਟਿਵ  ਪਾਇਆ ਗਿਆ ਹੈ। ਡਾ. ਨਿਰਮਲ ਸਿੰਘ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਪਹਿਲਾਂ ਡੀਐੱਸਪੀ  ਜੰਡਿਆਲਾ ਗੁਰੂ ਅਤੇ ਚਾਰ ਹੋਰ ਪੁਲੀਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਅੱਜ ਦੋ  ਵਿਅਕਤੀ ਹੋਰ ਕਰੋਨਾ ਪਾਜ਼ੇਟਿਵ ਆਉਣ ਕਾਰਨ ਜੰਡਿਆਲਾ ਗੁਰੂ ਵਿੱਚ ਸਮਾਜਿਕ ਫੈਲਾਅ ਦਾ ਖਤਰਾ  ਬਣ ਗਿਆ ਹੈ।    

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇੱਥੇ ਅੱਜ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 197 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਪਾਜ਼ੀਟਿਵ ਆਏ ਤਿੰਨੋਂ ਵਿਅਕਤੀ ਸੈਲਾ ਖੁਰਦ ਨਾਲ ਸਬੰਧਤ ਹਨ ਜੋ ਮੂਲ ਰੂਪ ’ਚ ਬਿਹਾਰ ਦੇ ਰਹਿਣ ਵਾਲੇ ਹਨ। ਸਿਵਲ ਸਰਜਨ ਨੇ ਦੱਸਿਆ ਕਿ 551 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ। 

ਗੁਰਦਾਸਪੁਰ ’ਚ ਅਧਿਆਪਕਾ ਸਮੇਤ ਸੱਤ ਕਰੋਨਾ ਪਾਜ਼ੇਟਿਵ

ਗੁਰਦਾਸਪੁਰ (ਜਤਿੰਦਰ ਬੈਂਸ): ਜ਼ਿਲ੍ਹਾ ਗੁਰਦਾਸਪੁਰ ਵਿੱਚ ਅੱਜ ਸੱਤ ਕਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ। ਲਿਹਾਜ਼ਾ ਹੁਣ ਜ਼ਿਲ੍ਹੇ ਅੰਦਰ ਕੁੱਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 297 ਹੋ ਗਈ ਹੈ। ਸ਼ੁੱਕਰਵਾਰ ਨੂੰ ਮਿਲੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚ ਪਿੰਡ ਬੱਬਰੀ ਦੀ 18 ਸਾਲਾ ਲੜਕੀ ਵੀ ਸ਼ਾਮਲ ਹੈ ਜਦ ਕਿ ਦੋ ਪੁਰਸ਼ ਮਰੀਜ਼ ਪਿੰਡ ਸੋਹਲ ਨਾਲ ਸਬੰਧਿਤ ਹਨ। ਇੱਕ ਮਰੀਜ਼ ਗੁਰਦਾਸਪੁਰ ਦੇ ਕੈਲਾਸ਼ ਐਵੇਨਿਊ ਕਾਲੋਨੀ ’ਚੋਂ ਮਿਲਿਆ ਹੈ ਜਿਸ ਦਾ ਪੀਜੀਆਈ ਚੰਡੀਗੜ੍ਹ ਵਿੱਚ ਦਿਲ ਦੀ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ। ਨਗਰ ਸੁਧਾਰ ਰਾਸ਼ਟਰ ਗੁਰਦਾਸਪੁਰ ਵਾਸੀ ਇੱਕ ਮਹਿਲਾ ਅਧਿਆਪਕਾ ਵੀ ਕਰੋਨਾ ਪਾਜ਼ੇਟਿਵ  ਮਿਲੀ ਹੈ। ਇਸੇ ਤਰ੍ਹਾਂ ਪਿੰਡ ਤਿੱਬੜ ਦੀ ਇੱਕ ਮਹਿਲਾ ਅਤੇ ਸੈਦੋਵਾਲ ਖ਼ੁਰਦ ਦੀ ਇੱਕ ਮਹਿਲਾ ਵੀ ਕਰੋਨਾ ਪਾਜ਼ੇਟਿਵ ਮਿਲੀ ਹੈ।

ਜ਼ਿਲ੍ਹਾ ਪਠਾਨਕੋਟ ਵਿੱਚ ਤਿੰਨ ਨਵੇਂ ਕੇਸ ਆਏ

ਪਠਾਨਕੋਟ (ਐੱਨਪੀ ਧਵਨ): ਅੱਜ 218 ਸੈਂਪਲਾਂ ਵਿੱਚੋਂ 3 ਨਵੇਂ ਕੇਸ ਕਰੋਨਾ ਪਾਜ਼ੇਟਿਵ ਆਏ ਅਤੇ ਤਿੰਨੋਂ ਹੀ ਪਠਾਨਕੋਟ ਸ਼ਹਿਰ ਦੇ ਹਨ। ਜਿਨ੍ਹਾਂ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਉਸ ਵਿੱਚ ਸਥਾਨਕ ਮੁਹੱਲਾ ਗਾਂਧੀ ਨਗਰ ਦੀ 66 ਸਾਲਾ ਮਹਿਲਾ ਅਤੇ ਉਸ ਦਾ 11 ਸਾਲ ਦਾ ਪੋਤਰਾ ਹੈ ਜਦ ਕਿ ਤੀਸਰਾ 31 ਸਾਲ ਦਾ ਨੌਜਵਾਨ ਸਥਾਨਕ ਰਾਮ ਨਗਰ ਚਾਰ ਮਰਲਾ ਕੁਆਟਰਾਂ ਦਾ ਹੈ ਅਤੇ ਤਿੰਨੋਂ ਹੀ ਪਹਿਲਾਂ ਤੋਂ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਹਨ। ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ ਕਰੋਨਾ ਪੀੜਤਾਂ ਦੀ ਸੰਖਿਆ 244 ਪੁੱਜ ਗਈ ਹੈ ਜਿਸ ਵਿੱਚੋਂ 208 ਲੋਕ ਕਰੋਨਾ ਤੋਂ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਜਦ ਕਿ ਹੁਣ 30 ਕੇਸ ਐਕਟਿਵ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All