ਕਮਿਸ਼ਨਰੇਟ ਪੁਲੀਸ ਵੱਲੋਂ ਜਬਰਨ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਹਥਿਆਰ ਬਰਾਮਦਗੀ ਮੁਕਾਬਲੇ ਵਿੱਚ ਮੁਲਜ਼ਮ ਜ਼ਖ਼ਮੀ
ਫਤਿਹਗੜ੍ਹ ਚੂੜੀਆਂ ਰੋਡ ’ਤੇ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਕੋਲੋ ਜਬਰਨ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਤਿੰਨ ਮੁਲਜਮ ਗ੍ਰਿਫਤਾਰ ਕੀਤੇ ਹਨ, ਜਦੋਂਕਿ ਇਹਨਾਂ ਵਿੱਚੋਂ ਇੱਕ ਮੁਲਜ਼ਮ ਹਥਿਆਰ ਬਰਾਮਦਗੀ ਸਮੇਂ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ।
ਇਸ ਮਾਮਲੇ ਵਿੱਚ ਜ਼ਖ਼ਮੀ ਹੋਏ ਮੁਲਜ਼ਮ ਦੀ ਸ਼ਨਾਖਤ ਨਿਰਮਲ ਜੋਤ ਸਿੰਘ ਉਰਫ ਜੋਤ ਵਜੋਂ ਹੋਈ ਹੈ। ਜਦੋਂਕਿ ਇਸ ਤੋਂ ਪਹਿਲਾਂ ਨਿਰਮਲ ਜੋਤ ਸਿੰਘ ਤੋਂ ਇਲਾਵਾ ਉਸ ਦੇ ਦੋ ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਸਨ, ਜਿਨਾਂ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਰਫ ਮੰਗੂ ਅਤੇ ਕਰਨਦੀਪ ਸਿੰਘ ਵਜੋਂ ਹੋਈ।
ਪੁਲੀਸ ਨੇ ਹੁਣ ਤੱਕ ਇਹਨਾਂ ਦੇ ਕੋਲੋਂ 1 ਦੇਸੀ ਪਿਸਤੌਲ (.30 ਬੋਰ) ਸਮੇਤ 04 ਜ਼ਿੰਦਾ ਕਾਰਤੂਸ ਅਤੇ 1 ਕਾਰ ਬਰਾਮਦ ਕੀਤੀ ਹੈ। ਅੱਜ ਮੁਕਾਬਲੇ ਦੌਰਾਨ ਜ਼ਖਮੀ ਹੋਏ ਮੁਲਜ਼ਮ ਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਰੋਡ ਤੇ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਹਰਵਿੰਦਰ ਸਿੰਘ ਦੋਧੀ ਨਾਂ ਦੇ ਵਿਅਕਤੀ ਵੱਲੋਂ ਜਬਰੀ ਵਸੂਲੀ ਸਬੰਧੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਦੋਂ ਦੁਕਾਨਦਾਰ ਨੇ ਇਹਨਾਂ ਧਮਕੀਆਂ ਦਾ ਕੋਈ ਹੁੰਗਾਰਾ ਨਹੀਂ ਦਿੱਤਾ ਤਾਂ ਅੱਠ ਦਸੰਬਰ ਨੂੰ ਇੱਕ ਨਕਾਬਪੋਸ਼ ਹਮਲਾਵਰ ਨੇ ਵਪਾਰੀ ਅਤੇ ਉਸਦੇ ਪੁੱਤਰ ’ਤੇ ਉਨ੍ਹਾਂ ਦੀ ਦੁਕਾਨ ਦੇ ਅੰਦਰ ਮਾਰਨ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ। ਪਰ ਇਸ ਗੋਲੀਬਾਰੀ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।
ਹਮਲਾਵਰ ਦੋ ਸਾਥੀਆਂ ਸਮੇਤ ਪ੍ਰੀਤ ਨਗਰ ਵਾਲੇ ਪਾਸੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਪਾਰੀ ਨੇ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੁਲੀਸ ਵੱਲੋਂ ਆਪਣੇ ਤੌਰ ’ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ।
ਇਸ ਸੰਬੰਧੀ ਪੁਲੀਸ ਨੇ 9 ਦਸੰਬਰ ਨੂੰ ਧਾਰਾ 308(4), 109, 125, 351(2), 61(2), 3(5) ਬੀਐਨਐਸ ਅਤੇ 25, 27 ਆਰਮਜ਼ ਐਕਟ ਅਧੀਨ ਥਾਣਾ ਸਦਰ ਵਿਖੇ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਖਾਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨਿਰਮਲਜੋਤ ਸਿੰਘ, ਮਨਪ੍ਰੀਤ ਸਿੰਘ ਉਰਫ ਮੰਗੂ ਅਤੇ ਕਰਨਦੀਪ ਸਿੰਘ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ।
ਜਾਂਚ ਵਿੱਚ ਹੋਏ ਖੁਲਾਸਿਆਂ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਮੁੱਖ ਮੁਲਜ਼ਮ ਨਿਰਮਲਜੋਤ ਸਿੰਘ ਉਰਫ ਜੋਤ ਨੂੰ ਵੇਰਕਾ-ਬਟਾਲਾ ਬਾਈਪਾਸ ਨੇੜੇ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ ਪਿਸਤੌਲ ਦੀ ਬਰਾਮਦਗੀ ਲਈ ਲੈ ਕੇ ਗਈ।
ਉਨ੍ਹਾਂ ਦੱਸਿਆ ਕਿ ਰਿਕਵਰੀ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਅਚਾਨਕ ਇੱਕ ਪੁਲੀਸ ਗਾਰਡ ਨੂੰ ਧੱਕਾ ਦਿੱਤਾ ਅਤੇ ਉਸਦੀ ਕਾਰਬਾਈਨ ਖੋਹ ਲਈ। ਉਸਨੇ ਮਾਰਨ ਦੇ ਇਰਾਦੇ ਨਾਲ ਪੁਲੀਸ ਕਰਮਚਾਰੀਆਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਸੇਫਟੀ ਲਾਕ ਲਗਾ ਹੋਣ ਕਾਰਨ ਹਥਿਆਰ ਨਹੀਂ ਚੱਲਿਆ।
ਪੁਲੀਸ ਨੇ ਉਸ ਨੂੰ ਆਤਮ ਸਮਰਪਣ ਦੀ ਚੇਤਾਵਨੀ ਵੀ ਦਿੱਤੀ ਪਰ ਉਸਨੇ ਮੁੜ ਗੋਲੀ ਚਲਾਉਣ ਦਾ ਯਤਨ ਕੀਤਾ। ਇਸ ਦੌਰਾਨ ਆਪਣੇ ਆਪ ਨੂੰ ਅਤੇ ਆਪਣੀ ਟੀਮ ਨੂੰ ਬਚਾਉਣ ਲਈ ਏਐਸਆਈ ਨਵਤੇਜ ਸਿੰਘ ਨੇ ਹਵਾ ਵਿੱਚ ਚੇਤਾਵਨੀ ਵਜੋਂ ਗੋਲੀ ਚਲਾਈ। ਪਰ ਮੁਲਜ਼ਮ ਨੇ ਆਪਣਾ ਹਿੰਸਕ ਯਤਨ ਜਾਰੀ ਰੱਖਿਆ।
ਜਿਸ ਤੋਂ ਬਾਅਦ ਸਵੈ-ਰੱਖਿਆ ਵਿੱਚ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਇਸ ਸਬੰਧ ਪੁਲੀਸ ਨੇ ਅੰਮ੍ਰਿਤਸਰ ਦੇ ਥਾਣਾ ਵੇਰਕਾ ਵਿਖੇ ਇੱਕ ਵੱਖਰਾ ਕੇਸ ਬੀਐਨਐਸ ਦੀ ਧਾਰਾ 109, 132, 221 ਅਤੇ 25, 27 ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਘਟਨਾ ਦੌਰਾਨ ਨਿਰਮਲਜੋਤ ਸਿੰਘ ਉਰਫ ਜੋਤ ਨੇ ਵਪਾਰੀ ਤੇ ਗੋਲੀ ਚਲਾਈ, ਜਦੋਂ ਕਿ ਮਨਪ੍ਰੀਤ ਸਿੰਘ ਉਰਫ ਮੰਗੂ ਮੋਟਰਸਾਈਕਲ ’ਤੇ ਸਵਾਰ ਸੀ। ਮੁਲਜ਼ਮ ਕਰਨਦੀਪ ਸਿੰਘ ਨੇ ਹਮਲੇ ਤੋਂ ਪਹਿਲਾਂ ਸ਼ਿਕਾਇਤਕਰਤਾ ਦੀ ਜਾਸੂਸੀ ਕੀਤੀ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ 19, 22 ਅਤੇ 30 ਸਾਲ ਉਮਰ ਦੇ ਹਨ ਅਤੇ ਪੈਸਿਆਂ ਦੇ ਲਾਲਚ ਵਿੱਚ ਇਹਨਾਂ ਨੇ ਇਹ ਕਾਰਵਾਈ ਕੀਤੀ ਜਦੋਂ ਕਿ ਇਹਨਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਲਈ ਹੁਣ ਤੱਕ ਕੋਈ ਪੈਸਾ ਨਹੀਂ ਮਿਲਿਆ ਹੈ।

