DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਜਸਵੰਤ ਸਿੰਘ ਖਾਲੜਾ ਅਤੇ ਫਰਜ਼ੀ ਮੁਕਾਬਲਿਆਂ ਦੇ ਸ਼ਹੀਦਾਂ ਨਮਿੱਤ ਸਮੂਹਿਕ ਅਰਦਾਸ

ਹਰੀਕੇ ਪੱਤਣ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮੂਹਿਕ ਅਰਦਾਸ ਸਮਾਗਮ;ਸ਼ਾਮ ਛੇ ਵਜੇ ਹੋਵੇਗੀ ਅਰਦਾਸ

  • fb
  • twitter
  • whatsapp
  • whatsapp
featured-img featured-img
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਫਾਈਲ ਫੋਟੋ
Advertisement

ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਫਰਜ਼ੀ ਪੁਲੀਸ ਮੁਕਾਬਲਿਆਂ ਦਾ ਸ਼ਿਕਾਰ ਹੋਏ ਹੋਰ ਨੌਜਵਾਨਾਂ ਦੀ ਯਾਦ ਵਿੱਚ ਅੱਜ 14 ਜੁਲਾਈ ਨੂੰ ਸ਼ਾਮ 6 ਵਜੇ ਹਰੀਕੇ ਪੱਤਣ ਵਿਖੇ ਇੱਕ ਵਿਸ਼ੇਸ਼ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੀ ਆਰੰਭਤਾ ਸ਼ਾਮ 6 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਨਾਲ ਹੋਵੇਗੀ। ਇਸ ਤੋਂ ਬਾਅਦ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਅਤੇ ਉਨ੍ਹਾਂ ਸਾਰੇ ਨੌਜਵਾਨਾਂ ਲਈ ਨਮਿੱਤ ਸਮੂਹਿਕ ਅਰਦਾਸ ਕੀਤੀ ਜਾਵੇਗੀ, ਜਿਨ੍ਹਾਂ ਨੂੰ ਫਰਜ਼ੀ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਹਰੀਕੇ ਨਹਿਰਾਂ ਵਿੱਚ ਵਹਾ ਦਿੱਤੀਆਂ ਗਈਆਂ ਸਨ। ਇਸ ਮੌਕੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸਕੱਤਰ ਕਾਹਲਵਾਂ ਨੇ ਪੀੜਤ ਪਰਿਵਾਰਾਂ, ਉਨ੍ਹਾਂ ਦੇ ਬੱਚਿਆਂ ਅਤੇ ਸਮੂਹ ਸੰਗਤ ਨੂੰ ਇਸ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

Advertisement

ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਅਤੇ 'ਸਤਲੁਜ' ਫ਼ਿਲਮ ਦਾ ਪ੍ਰਭਾਵ

Advertisement

ਸਕੱਤਰ ਨੇ ਖ਼ੁਲਾਸਾ ਕੀਤਾ ਕਿ ਭਾਈ ਖਾਲੜਾ ਦੀ ਤਸਵੀਰ ਨਵੰਬਰ 2003 ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾ ਚੁੱਕੀ ਹੈ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਭਾਈ ਖਾਲੜਾ ਦੀ ਤਸਵੀਰ ਲਗਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜਿਆ ਗਿਆ ਸੀ, ਜਿਸ 'ਤੇ ਕਾਰਵਾਈ ਕਰਦਿਆਂ 21 ਨਵੰਬਰ 2003 ਨੂੰ ਤਸਵੀਰ ਸਥਾਪਿਤ ਕਰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ 'ਸਤਲੁਜ' ਫ਼ਿਲਮ 'ਤੇ ਰੋਕ ਲੱਗਣ ਤੋਂ ਬਾਅਦ ਜਦੋਂ ਭਾਈ ਖਾਲੜਾ ਦਾ ਮੁੱਦਾ ਦੁਬਾਰਾ ਚਰਚਾ ਵਿੱਚ ਆਇਆ, ਤਾਂ ਅਜਾਇਬ ਘਰ ਆਉਣ ਵਾਲੇ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਭਾਈ ਖਾਲੜਾ ਦੀ ਤਸਵੀਰ ਬਾਰੇ ਵੱਡੀ ਗਿਣਤੀ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਫ਼ਿਲਮ 'ਤੇ ਪਾਬੰਦੀ ਲਗਾਉਣ ਕਾਰਨ ਲੋਕਾਂ ਵਿੱਚ ਇਸ ਨੂੰ ਦੇਖਣ ਦੀ ਮੰਗ ਹੋਰ ਵਧ ਗਈ ਹੈ। ਨਤੀਜੇ ਵਜੋਂ, ਵੱਖ-ਵੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਕੰਪਲੈਕਸਾਂ ਅਤੇ ਹੋਰ ਥਾਵਾਂ 'ਤੇ ਵੱਡੀਆਂ ਸਕਰੀਨਾਂ ਲਗਾ ਕੇ ਇਸ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

1980-90 ਦੇ ਦਹਾਕੇ ਦੇ ਹਾਲਾਤ ਅਤੇ ਭਾਈ ਖਾਲੜਾ ਦਾ ਸੰਘਰਸ਼

ਬਲਵਿੰਦਰ ਸਿੰਘ ਕਾਹਲਵਾਂ ਨੇ ਦੋਸ਼ ਲਗਾਇਆ ਕਿ 1980 ਅਤੇ 1990 ਦੇ ਦਹਾਕੇ ਵਿੱਚ ਤਤਕਾਲੀ ਸਰਕਾਰਾਂ ਵੱਲੋਂ ਵੱਡੇ ਪੱਧਰ 'ਤੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਗਿਆ। ਉਸ ਵੇਲੇ ਜੋ ਨੌਜਵਾਨ ਆਪਣੀ ਮਰਜ਼ੀ ਨਾਲ ਸਿੱਖ ਸੰਘਰਸ਼ ਵਿੱਚ ਸ਼ਾਮਿਲ ਹੋਏ ਸਨ, ਉਨ੍ਹਾਂ ਨੇ ਆਪਣਾ ਅੰਜ਼ਾਮ ਪਹਿਲਾਂ ਹੀ ਮਿੱਥ ਲਿਆ ਸੀ ਅਤੇ ਉਨ੍ਹਾਂ ਦੇ ਬਰਸੀ ਸਮਾਗਮ ਪੰਥਕ ਤੌਰ 'ਤੇ ਮਨਾਏ ਜਾ ਰਹੇ ਹਨ। ਪਰ ਇਸ ਦੇ ਨਾਲ ਹੀ, ਉਸ ਵੇਲੇ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਹਜ਼ਾਰਾਂ ਭੋਲੇ-ਭਾਲੇ ਤੇ ਮਾਸੂਮ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਅਤੇ ਫਰਜ਼ੀ ਮੁਕਾਬਲਿਆਂ ਵਿੱਚ ਮਾਰ ਦਿੱਤਾ। ਕਈਆਂ ਦੀਆਂ ਲਾਸ਼ਾਂ ਨੂੰ 'ਲਾਵਾਰਿਸ' ਦੱਸ ਕੇ ਸ਼ਮਸ਼ਾਨਘਾਟਾਂ ਵਿੱਚ ਸਾੜ ਦਿੱਤਾ ਗਿਆ ਅਤੇ ਕਈਆਂ ਨੂੰ ਹਰੀਕੇ ਨਹਿਰ ਵਿੱਚ ਰੋੜ੍ਹ ਦਿੱਤਾ ਗਿਆ। ਭਾਈ ਜਸਵੰਤ ਸਿੰਘ ਖਾਲੜਾ ਇਨ੍ਹਾਂ ਲਾਵਾਰਿਸ ਦੱਸ ਕੇ ਸਾੜੇ ਅਤੇ ਰੋੜ੍ਹੇ ਗਏ ਨੌਜਵਾਨਾਂ ਦਾ ਸੱਚ ਸਾਹਮਣੇ ਲਿਆਉਣ ਦਾ ਕੰਮ ਕਰ ਰਹੇ ਸਨ, ਜਿਸ ਕਾਰਨ ਤਤਕਾਲੀ ਸਰਕਾਰ ਨੇ ਉਨ੍ਹਾਂ 'ਤੇ ਵੀ ਅੰਨ੍ਹਾ ਤਸ਼ੱਦਦ ਢਾਹ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਦੀ ਦੇਹ ਵੀ ਹਰੀਕੇ ਵਿਖੇ ਹੀ ਸੁੱਟ ਦਿੱਤੀ।

ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ 'ਲੋਕ ਕਮਿਸ਼ਨ' ਬਣਾਉਣ ਦੀ ਮੰਗ

ਇਸੇ ਦੌਰਾਨ, ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਜੋ ਇਸ ਵੇਲੇ ਵਿਦੇਸ਼ ਵਿੱਚ ਹਨ, ਨੇ ਸਮੂਹਿਕ ਅਰਦਾਸ ਦਿਵਸ ਤੋਂ ਇੱਕ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਵਿਸ਼ੇਸ਼ ਅਪੀਲ ਭੇਜੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਅਤੇ ਹੋਰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਘਟਨਾਵਾਂ ਦਾ ਸੱਚ ਸਾਹਮਣੇ ਲਿਆਉਣ ਲਈ ਇੱਕ 'ਲੋਕ ਕਮਿਸ਼ਨ' (People's Commission) ਸਥਾਪਿਤ ਕੀਤਾ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਫਰਜ਼ੀ ਮੁਕਾਬਲੇ ਕਰਨ ਵਾਲੀਆਂ ਤਾਕਤਾਂ, ਜ਼ਿੰਮੇਵਾਰ ਅਧਿਕਾਰੀਆਂ ਅਤੇ ਸਰਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਬੀਬੀ ਖਾਲੜਾ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਹੋਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣ ਅਤੇ ਪੀੜਤ ਪਰਿਵਾਰਾਂ ਦੀ ਬਣਦੀ ਆਰਥਿਕ ਤੇ ਸਮਾਜਿਕ ਮਦਦ ਕੀਤੀ ਜਾਵੇ।

Advertisement
×