ਖੇਤੀ ਢਾਂਚੇ ਨੂੰ ਤਹਿਸ-ਨਹਿਸ ਕਰਨਾ ਚਾਹੁੰਦੈ ਕੇਂਦਰ: ਸਿੱਧੂ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 25 ਅਕਤੂਬਰ

ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਲੰਮੇ ਸਮੇਂ ਮਗਰੋਂ ਅੱਜ ਇਕ ਜਨਤਕ ਸਮਾਗਮ ਵਿਚ ਖੁੱਲ੍ਹੇ ਦਿਲ ਨਾਲ ਸੰਬੋਧਨ ਕਰਦਿਆਂ ਜਵਾਨੀ ਤੇ ਕਿਸਾਨੀ ਨੂੰ ਇਕਜੁੱਟ ਹੋ ਕੇ ਕਿਸਾਨ ਸੰਘਰਸ਼ ਵਿਚ ਨਿੱਤਰਣ ਦਾ ਸੱਦਾ ਦਿੱਤਾ ਤਾਂ ਜੋ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾਏ ਜਾ ਸਕਣ। ਦੱਸਣਯੋਗ ਹੈ ਕਿ ਸ੍ਰੀ ਸਿੱਧੂ ਵੱਲੋਂ ਵਿਧਾਨ ਸਭਾ ਹਲਕੇ ਹੇਠ ਆਉਂਦੇ ਚਮਰੰਗ ਰੋਡ ’ਤੇ ਲੋੜਵੰਦਾਂ ਨੂੰ ਕੰਬਲ ਵੰਡਣ ਲਈ ਇਕ ਸਮਾਗਮ ਰੱਖਿਆ ਗਿਆ, ਜਿਸ ਨੂੰ ਉਹ ਸੰਬੋਧਿਤ ਹੋਏ। ਉਨ੍ਹਾਂ ਦਾ ਭਾਸ਼ਣ ਸਿਰਫ਼ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ’ਤੇ ਹੀ ਕੇਂਦਰਿਤ ਰਿਹਾ।

ਇਸ ਦੌਰਾਨ ਉਨ੍ਹਾਂ ਪੰਜਾਬ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਕਾਰਵਾਈ ਲਈ ਜਿਥੇ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਦੀ ਸ਼ਲਾਘਾ ਕੀਤੀ ਉਥੇ ਹੀ ਸੁਚੇਤ ਕਰਦਿਆਂ ਆਖਿਆ ਜੇਕਰ ਇਸ ਦਿਸ਼ਾ ਵਿਚ ਹੋਰ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਵਿਧਾਨ ਸਭਾ ਵਿਚ ਕੀਤੀ ਕਾਰਵਾਈ ਵੀ ਸਿਰਫ ਦਿਖਾਵਾ ਮਾਤਰ ਬਣ ਕੇ ਰਹਿ ਜਾਵੇਗੀ। ਇਸ ਮਾਮਲੇ ਵਿਚ ਉਨ੍ਹਾਂ ਹੋਰ ਵੀ ਵੱਡੇ ਯਤਨ ਕਰਨ ’ਤੇ ਜ਼ੋਰ ਦਿੱਤਾ।

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਜ਼ੁਰਗਾਂ ਦੇ ਵੇਲੇ ਤੋਂ ਬਣਿਆ ਮੰਡੀ ਢਾਂਚਾ ਅਤੇ ਖੇਤੀ ਪ੍ਰਣਾਲੀ ਨੂੰ ਤਹਿਸ ਨਹਿਸ ਕਰਨਾ ਚਾਹੁੰਦੀ ਹੈ ਤੇ ਕਿਸਾਨਾਂ ਕੋਲੋਂ ਖੇਤੀ ਖੋਹ ਕੇ ਪੂੰਜੀਪਤੀਆਂ ਦੇ ਹੱਥ ਸੌਂਪਣਾ ਚਾਹੁੰਦੀ ਹੈ। ਜੀਐੱਸਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਨੇ ਪਹਿਲਾਂ ਵਪਾਰੀ ਵਰਗ ਦਾ ਨੁਕਸਾਨ ਕੀਤਾ ਸੀ ਅਤੇ ਹੁਣ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਦਾ ਯਤਨ ਕੀਤਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਦੀ ਮੰਗ ਕਰ ਰਿਹਾ ਹੈ। ਕੀ ਸਰਕਾਰੀ ਮੰਡੀ ਐਲਾਨਣ ਮਗਰੋਂ ਫ਼ਸਲਾਂ ਦੀ ਸਰਕਾਰੀ ਖਰੀਦ ਹੋ ਸਕੇਗੀ? ਇਸ ਵੇਲੇ ਜ਼ਰੂਰੀ ਹੈ ਕਿ ਸਰਕਾਰੀ ਖਰੀਦ ਪ੍ਰਣਾਲੀ ਨੂੰ ਬਹਾਲ ਰੱਖਿਆ ਜਾਵੇ।

ਸ੍ਰੀ ਸਿੱਧੂ ਨੇ ਕੇਂਦਰ ਸਰਕਾਰ ’ਤੇ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੇ ਹੱਕ ਖੋਹਣ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ ਹੱਕਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਜੇ ਲੋਕ ਇਕਜੁੱਟ ਹੋ ਗਏ ਤਾਂ ਕੇਂਦਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਹੀ ਪਵੇਗਾ। ਜਾਣਕਾਰੀ ਮੁਤਾਬਿਤ ਸਮਾਗਮ ਦੌਰਾਨ ਲੋਕਾਂ ਨੂੰ ਕੰਬਲ ਵੰਡਣ ਮਗਰੋਂ ਪ੍ਰਬੰਧਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ।

ਕਿਸਾਨ ਅੰਦੋਲਨ ’ਚ ਦਮ ਤੋੜਨ ਵਾਲਿਆਂ ਨੂੰ ਸ਼ਰਧਾਂਜਲੀ

ਅੰਮ੍ਰਿਤਸਰ: ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਰਿਹਾਇਸ਼ ਅੱਗੇ ਚੱਲ ਰਹੇ ਧਰਨੇ ਦੇ 25ਵੇਂ ਦਿਨ ਅੱਜ ਕਿਸਾਨਾਂ ਨੇ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿੱਚ ਦਮ ਤੋੜਨ ਵਾਲੇ 11 ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਸ਼ਹੀਦ ਕਰਾਰ ਦਿੱਤਾ। ਇਸ ਦੌਰਾਨ ਇਨਕਲਾਬੀ ਨਾਅਰਿਆਂ ਨਾਲ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਹਰਜੀਤ ਸਿੰਘ ਝੀਤੇ ਨੇ ਆਖਿਆ ਕਿ ਇਸ ਕਿਸਾਨ ਅੰਦੋਲਨ ਵਿੱਚ ਹੁਣ ਤੱਕ 11 ਕਿਸਾਨ ਸਾਥੀ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰਾਂ ਦੇ ਕੰਨਾਂ ’ਤੇ ਹਾਲੇ ਵੀ ਜੂੰ ਨਹੀਂ ਸਰਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਕੰਪਨੀਆਂ ਦੇ ਹੱਕ ਵਿਚ ਖੜ੍ਹੇ ਹਨ ਅਤੇ ਅੰਨਦਾਤਾ ਨੂੰ ਅਣਦੇਖਿਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣੇ ਹੱਕ ਲੈਣ ਲਈ ਲੜਨ ਵਾਸਤੇ ਦ੍ਰਿੜ ਹਨ। ਕਿਸਾਨ ਜਾਣਦੇ ਹਨ ਕਿ ਉਨ੍ਹਾਂ ਨੂੰ ਲੜਨ ਅਤੇ ਭੁੱਖੇ ਮਰਨ ’ਚੋਂ ਇਕ ਰਾਹ ਚੁਣਨਾ ਪਵੇਗਾ। ਇਹ ਅੰਦੋਲਨ ਹੀ ਉਨ੍ਹਾਂ ਦੀ ਜੀਵਨ ਰੇਖਾ ਦਾ ਫ਼ੈਸਲਾ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅੰਦੋਲਨ ਨੂੰ ਬਹੁਗਿਣਤੀ ਹਮਾਇਤ ਪ੍ਰਾਪਤ ਹੈ, ਜਿਸ ਕਰਕੇ ਕਿਸਾਨਾਂ ਦੀ ਜਿੱਤ ਪੱਕੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All