ਸਾਕਾ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੋਮਬੱਤੀ ਮਾਰਚ

ਬਾਗ ਦੇ ਨਵੀਨੀਕਰਨ ਦਾ ਵਿਰੋਧ; ਪੁਰਾਣਾ ਸਰੂਪ ਬਹਾਲ ਕਰਨ ਦੀ ਮੰਗ; ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਸਾਕਾ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੋਮਬੱਤੀ ਮਾਰਚ

ਅੰਮ੍ਰਿਤਸਰ ਵਿੱਚ ਜੱਲ੍ਹਿਆਂਵਾਲਾ ਬਾਗ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਕ ਮੈਂਬਰ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 6 ਸਤੰਬਰ

ਸਾਕਾ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਬਾਗ ਦੇ ਨਵੀਨੀਕਰਨ ਵਿਰੁੱਧ ਮੋਮਬੱਤੀ ਮਾਰਚ ਕੱਢਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੱਲ੍ਹਿਆਂਵਾਲਾ ਬਾਗ਼ ਦਾ ਪੁਰਾਤਨ ਸਰੂਪ ਬਹਾਲ ਕਰਨ ਦੀ ਮੰਗ ਕਰ ਰਹੇ ਇਨ੍ਹਾਂ ਪਰਿਵਾਰਾਂ ਨੇ ਇੱਥੇ ਹੈਰੀਟੇਜ ਸਟਰੀਟ ਸਥਿਤ ਡਾ. ਬੀਆਰ ਅੰਬੇਡਕਰ ਦੇ ਬੁੱਤ ਤੋਂ ਇਹ ਪੈਦਲ ਮਾਰਚ ਆਰੰਭ ਕੀਤਾ। ਉਨ੍ਹਾਂ ਪਹਿਲਾਂ ਇੱਥੇ ਬਾਬਾ ਸਾਹਿਬ ਦੇ ਬੁੱਤ ਅੱਗੇ ਮੋਮਬੱਤੀਆਂ ਜਗਾਈਆਂ ਅਤੇ ਮਗਰੋਂ ਸ਼ਹੀਦੀ ਸਮਾਰਕ ’ਤੇ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਵੀਨੀਕਰਨ ਦੇ ਨਾਂ ਹੇਠ ਕੀਤੀਆਂ ਤਬਦੀਲੀਆਂ ਰੱਦ ਕਰ ਕੇ ਪੁਰਾਤਨ ਸਰੂਪ ਬਹਾਲ ਕਰਨ ਦੀ ਮੰਗ ਸਬੰਧੀ ਕੇਂਦਰ ਨੂੰ ਪੱਤਰ ਵੀ ਭੇਜਿਆ।

ਜੱਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫਾਊਂਡੇਸ਼ਨ ਦੇ ਪ੍ਰਧਾਨ ਸੁਨੀਲ ਕਪੂਰ, ਜਿਸ ਦੇ ਪੜਦਾਦਾ ਸ਼ਹੀਦ ਹੋਏ ਸਨ, ਨੇ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਬਹਾਲ ਕਰਨ, ਪ੍ਰਵੇਸ਼ ਦੁਆਰ ਨੇੜੇ ਤੰਗ ਗਲੀ ਨੂੰ ਪੁਰਾਣੇ ਸਰੂਪ ਵਿੱਚ ਕਾਇਮ ਰੱਖਣ, ਅਮਰ ਜੋਤੀ ਨੂੰ ਪੁਰਾਣੀ ਥਾਂ ’ਤੇ ਸਥਾਪਤ ਕਰਨ, ਅੰਗਰੇਜ਼ੀ ਹਾਕਮ ਨੇ ਮਸ਼ੀਨ ਗੰਨ ਨਾਲ ਜਿਸ ਥਾਂ ਤੋਂ ਗੋਲੀ ਚਲਾਈ ਸੀ, ਉਸ ਪਿੱਲਰ ਨੂੰ ਮੁੜ ਸਥਾਪਤ ਕਰਨ, ਪ੍ਰਾਰਥਨਾ ਸਥਾਨ ਬਣਾਉਣ ਅਤੇ ਸ਼ਹੀਦੀ ਕੰਧ ਉਸਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਾਂ ਵੱਲੋਂ ਤਾਮਰ ਪੱਤਰ ਅਤੇ ਸੁਤੰਤਰਤਾ ਸੈਨਾਨੀਆਂ ਵਾਲੀਆਂ ਸਹੂਲਤਾਂ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਨਵੀਨੀਕਰਨ ਦਾ ਖੱਬੇ ਪੱਖੀ ਧਿਰਾਂ ਵੱਲੋਂ ਵਿਰੋਧ

ਸੀਪੀਆਈ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਆਸਲ ਸਮੇਤ ਜਮਹੂਰੀ ਅਧਿਕਾਰ ਸਭਾ, ਪ੍ਰਗਤੀਸ਼ੀਲ ਲੇਖਕ ਸੰਘ, ਫੋਕਲੋਰ ਰਿਸਰਚ ਅਕਾਦਮੀ, ਤਰਕਸ਼ੀਲ ਸੁਸਾਇਟੀ ਤੇ ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਦੀ ਟੀਮ ਨੇ ਅੱਜ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਜਾਇਜ਼ਾ ਲਿਆ। ਇਨ੍ਹਾਂ ਆਗੂਆਂ ਨੇ ਯਾਦਗਾਰ ਦੀ ਨਵੀਨੀਕਰਨ ਦੇ ਨਾਂ ਹੇਠ ਇਸ ਦੀ ਮੂਲ ਭਾਵਨਾ ਨੂੰ ਖਤਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਬਾਗ਼ ਅੰਦਰ ਦਾਖ਼ਲ ਹੋਣ ਲਈ ਤੰਗ ਗਲੀ ਦਾ ਪੁਰਾਤਨ ਮੁਹਾਂਦਰਾ ਬਦਲ ਕੇ ਖ਼ੂਨੀ ਕਾਂਡ ਦੀ ਬਰਬਰਤਾ ਨੂੰ ਨੱਚਦੇ-ਗਾਉਂਦੇ ਲੋਕਾਂ ਦੀਆਂ ਬਣਾਈਆਂ ਮੂਰਤੀਆਂ ਹੇਠ ਦੱਬ ਦਿੱਤਾ ਗਿਆ ਹੈ। ਕੰਧਾਂ ’ਤੇ ਲਗੀਆਂ ਗੋਲੀਆਂ ਦੇ ਨਿਸ਼ਾਨ ਸੰਭਾਲੇ ਗਏ ਹਨ ਪਰ ਉਨ੍ਹਾਂ ਦਾ ਪ੍ਰਭਾਵ ਮੱਧਮ ਪੈ ਗਿਆ ਹੈ। ਇਤਿਹਾਸਕ ਖੂਹ ਦੀ ਪੁਰਾਤਨ ਦਿੱਖ ਖ਼ਤਮ ਕਰ ਦਿੱਤੀ ਗਈ ਹੈ। ਇਸ ਮੌਕੇ ਰਮੇਸ਼ ਯਾਦਵ, ਹਰਜੀਤ ਸਿੰਘ ਸਰਕਾਰੀਆ, ਹੁਸ਼ਿਆਰ ਸਿੰਘ ਝੰਡੇਰ, ਕਮਲ ਗਿੱਲ, ਜਸਵਿੰਦਰ ਕੌਰ ਜੱਸੀ, ਭੁਪਿੰਦਰ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All