DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada-France Ties: ਕੈਨੇਡਾ ਅਤੇ ਫਰਾਂਸ ਵਿਚਾਲੇ ਨਵੇਂ ਸਮਝੌਤੇ; AI ਅਤੇ ਸੁਰੱਖਿਆ ਖੇਤਰਾਂ ਨੂੰ ਮਿਲੇਗਾ ਹੁਲਾਰਾ

ਕਾਰਨੀ ਤੇ ਮੈਕਰੋਂ ਦੀ ਮੁਲਾਕਾਤ ਦੌਰਾਨ ਵਪਾਰ, ਸੁਰੱਖਿਆ ਅਤੇ ਨਿਵੇਸ਼ ਸਬੰਧੀ ਕਈ ਨਵੀਆਂ ਪਹਿਲਾਂ ਦਾ ਐਲਾਨ

  • fb
  • twitter
  • whatsapp
  • whatsapp
featured-img featured-img
Photo--Prime Minister Mark Carney, shakes hands with French President Emmanuel Macron
Advertisement

Canada-France Ties: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਪੈਰਿਸ ਵਿੱਚ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਕੈਨੇਡਾ-ਫਰਾਂਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਰਥਿਕ, ਸੁਰੱਖਿਆ ਅਤੇ ਤਕਨਾਲੋਜੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਪਹਿਲ ਕੈਨੇਡਾ ਦੀ ਯੂਰਪੀ ਦੇਸ਼ਾਂ ਨਾਲ ਰਣਨੀਤੀ ਅਤੇ ਆਰਥਿਕ ਭਾਈਵਾਲੀ ਨੂੰ ਵਿਸਤਾਰ ਦੇਣ ਦੀ ਨੀਤੀ ਦਾ ਹਿੱਸਾ ਮੰਨੀ ਜਾ ਰਹੀ ਹੈ।

ਪੈਰਿਸ ਵਿੱਚ ਹੋਈ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਵਪਾਰ ਅਤੇ ਉਦਯੋਗਿਕ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਰੱਖਿਆ ਉਦਯੋਗ, ਸਾਫ਼ ਊਰਜਾ, ਨਵੀਂ ਤਕਨਾਲੋਜੀ ਅਤੇ ਨਿਵੇਸ਼ ਨਾਲ ਸਬੰਧਿਤ ਕਈ ਨਵੇਂ ਮੌਕਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੁਲਾਕਾਤ ਆਉਣ ਵਾਲੇ 2026 G7 ਆਗੂਆਂ ਦੇ ਸੰਮੇਲਨ (G7 Leaders’ Summit) ਤੋਂ ਪਹਿਲਾਂ ਹੋਈ ਹੈ, ਜਿੱਥੇ ਕੈਨੇਡਾ ਅਤੇ ਫਰਾਂਸ ਸਾਂਝੀਆਂ ਤਰਜੀਹਾਂ ’ਤੇ ਮਿਲ ਕੇ ਕੰਮ ਕਰਨਗੇ। ਦੋਵਾਂ ਆਗੂਆਂ ਨੇ ਆਰਥਿਕ ਵਿਕਾਸ, ਸੁਰੱਖਿਆ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਸੀ ਸਹਿਯੋਗ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟ ਕੀਤੀ।

Advertisement

ਦੋਵਾਂ ਦੇਸ਼ਾਂ ਨੇ ‘ਜਨਰਲ ਸਕਿਉਰਿਟੀ ਆਫ਼ ਇਨਫਰਮੇਸ਼ਨ ਐਗਰੀਮੈਂਟ’ (GSOIA) ਦਾ ਐਲਾਨ ਕੀਤਾ, ਜਿਸ ਨਾਲ ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਗੁਪਤ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਸੁਗਮ ਬਣਾਇਆ ਜਾਵੇਗਾ। ਇਸ ਸਮਝੌਤੇ ਨਾਲ ਕੈਨੇਡੀਅਨ ਕੰਪਨੀਆਂ ਨੂੰ ਫਰਾਂਸ ਦੇ ਰੱਖਿਆ ਅਤੇ ਸੁਰੱਖਿਆ ਖ਼ਰੀਦ ਬਾਜ਼ਾਰਾਂ ਤੱਕ ਵਧੇਰੇ ਪਹੁੰਚ ਮਿਲੇਗੀ ਅਤੇ ਖੋਜ ਤੇ ਵਿਕਾਸ ਪ੍ਰਾਜੈਕਟਾਂ ਵਿੱਚ ਹਿੱਸੇਦਾਰੀ ਦੇ ਨਵੇਂ ਮੌਕੇ ਪੈਦਾ ਹੋਣਗੇ।

Advertisement

ਏਅਰੋਸਪੇਸ ਖੇਤਰ ਵਿੱਚ ਵੀ ਸਹਿਯੋਗ ਨੂੰ ਹੁਲਾਰਾ ਮਿਲਿਆ ਹੈ। ਫਰਾਂਸ ਨੇ ਕੈਲਗਰੀ ਸਥਿਤ ‘ਡੀ ਹੈਵਿਲੈਂਡ ਏਅਰਕ੍ਰਾਫਟ ਆਫ਼ ਕੈਨੇਡਾ’ ਵੱਲੋਂ ਤਿਆਰ ਕੀਤੇ ਗਏ ਦੋ ਹੋਰ DHC-515 ਵਾਟਰ-ਬੌਂਬਰ ਜਹਾਜ਼ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਇਹ ਜਹਾਜ਼ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਵਰਤੇ ਜਾਂਦੇ ਹਨ ਅਤੇ ਇਸ ਨਾਲ ਯੂਰਪ ਵਿੱਚ ਕੈਨੇਡੀਅਨ ਏਅਰੋਸਪੇਸ ਨਿਰਯਾਤ ਨੂੰ ਵੀ ਮਜ਼ਬੂਤੀ ਮਿਲੇਗੀ। ਕੈਨੇਡਾ ਅਤੇ ਫਰਾਂਸ ਨੇ ਕੁਆਂਟਮ ਵਿਗਿਆਨ ਅਤੇ ਤਕਨਾਲੋਜੀ ਖੇਤਰ ਵਿੱਚ ਸਾਂਝੇ ਯਤਨਾਂ ਨੂੰ ਅੱਗੇ ਵਧਾਉਣ ’ਤੇ ਵੀ ਸਹਿਮਤੀ ਪ੍ਰਗਟਾਈ ਹੈ। ਦੋਵੇਂ ਦੇਸ਼ ਖੋਜ, ਨਵੀਨਤਾ ਅਤੇ ਉਦਯੋਗਿਕ ਵਿਕਾਸ ਲਈ ਵਿਗਿਆਨੀਆਂ, ਖੋਜਕਾਰਾਂ ਅਤੇ ਕੰਪਨੀਆਂ ਵਿਚਾਲੇ ਸਹਿਯੋਗ ਵਧਾਉਣਗੇ।

ਇਸੇ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਅਤੇ ਰਾਸ਼ਟਰਪਤੀ ਮੈਕਰੋਂ ਨੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਜ਼ਿੰਮੇਵਾਰ ਅਤੇ ਸੁਰੱਖਿਅਤ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ‘AI ਫ਼ਾਰ ਆਲ’ (AI for All) ਰਣਨੀਤੀ ਲੋਕਾਂ ਦੀ ਜ਼ਿੰਦਗੀ ਸੁਧਾਰਨ ਅਤੇ ਨਵੇਂ ਰੁਜ਼ਗਾਰ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਸਰਕਾਰੀ ਅੰਕੜਿਆਂ ਅਨੁਸਾਰ 2025 ਵਿੱਚ ਕੈਨੇਡਾ ਅਤੇ ਫਰਾਂਸ ਦਰਮਿਆਨ ਦੁਵੱਲਾ ਵਸਤੂ ਵਪਾਰ 15.2 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਿੱਚ ਕਰੀਬ ਦੋ-ਤਿਹਾਈ ਵਾਧਾ ਦਰਜ ਕੀਤਾ ਗਿਆ ਹੈ ਅਤੇ ਫਰਾਂਸ, ਯੂਰਪੀ ਸੰਘ ਵਿੱਚ ਕੈਨੇਡਾ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਬਣ ਚੁੱਕਾ ਹੈ। ਮਾਰਕ ਕਾਰਨੀ ਨੇ ਕਿਹਾ ਕਿ ਅੱਜ ਦੇ ਬਦਲਦੇ ਅਤੇ ਚੁਣੌਤੀਪੂਰਨ ਵਿਸ਼ਵ ਮਾਹੌਲ ਵਿੱਚ ਕੈਨੇਡਾ ਅਤੇ ਫਰਾਂਸ ਦੇ ਸਬੰਧ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਆਰਥਿਕ ਹਿਤਾਂ ਦੇ ਆਧਾਰ ’ਤੇ ਸੁਰੱਖਿਅਤ ਅਤੇ ਖ਼ੁਸ਼ਹਾਲ ਭਵਿੱਖ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਦੇ ਰਹਿਣਗੇ।

Advertisement
×