BSF ਜਵਾਨ ਦੀ ਮੌਤ ਦਾ ਮਾਮਲਾ ; ਪੋਸਟਮਾਰਟਮ ਰਿਪੋਰਟ 'ਚ ਸਰੀਰ 'ਤੇ 34 ਸੱਟਾਂ ਦੀ ਪੁਸ਼ਟੀ ਹੋਈ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਦੀ ਹਿਰਾਸਤ ਵਿਚ ਹੋਈ ਬੀ ਐੱਸ ਐੱਫ (BSF) ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ, ਉਸ ਦੀ ਪੋਸਟਮਾਰਟਮ ਰਿਪਰੋਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਉਸ ਦੇ ਸਰੀਰ ਦੇ ਬਾਹਰਲੇ ਹਿੱਸਿਆਂ 'ਤੇ 34...
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਦੀ ਹਿਰਾਸਤ ਵਿਚ ਹੋਈ ਬੀ ਐੱਸ ਐੱਫ (BSF) ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ, ਉਸ ਦੀ ਪੋਸਟਮਾਰਟਮ ਰਿਪਰੋਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਉਸ ਦੇ ਸਰੀਰ ਦੇ ਬਾਹਰਲੇ ਹਿੱਸਿਆਂ 'ਤੇ 34 ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਨ੍ਹਾਂ ਵਿੱਚੋਂ ਕੁਝ ਸੱਟਾਂ ਗੁਪਤ ਅੰਗਾਂ 'ਤੇ ਵੀ ਲੱਗੀਆਂ ਹੋਈਆਂ ਹਨ। ਇਸ ਖੁਲਾਸੇ ਨੇ ਪਰਿਵਾਰ ਵੱਲੋਂ ਹਿਰਾਸਤ ਦੌਰਾਨ ਲਗਾਏ ਤਸ਼ਦੱਦ ਦੇ ਦੋਸ਼ਾਂ ਨੂੰ ਹੋਰ ਬਲ ਦਿੱਤਾ ਹੈ।
ਜਸਵਿੰਦਰ ਸਿੰਘ ਨੂੰ 3 ਮਾਰਚ ਨੂੰ ਐੱਨ ਸੀ ਬੀ ਨੇ ਮੀਰਾਂ ਸਾਹਿਬ ਚੌਕ ਨੇੜੇ ਨਸ਼ਿਆਂ ਨਾਲ ਸਬੰਧਤ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਹ ਉਸ ਸਮੇਂ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਆਪਣੇ ਪਿੰਡ ਦੀਵਾਨਗੜ੍ਹ ਵਾਪਸ ਜਾ ਰਿਹਾ ਸੀ ਅਤੇ ਆਪਣੀ ਮਾਂ ਲਈ ਦਵਾਈਆਂ ਲੈ ਕੇ ਆ ਰਿਹਾ ਸੀ, ਜੋ ਉਸ ਸਮੇਂ ਉਸ ਦੇ ਨਾਲ ਹੀ ਸੀ।
ਤ੍ਰਿਪੁਰਾ ਵਿੱਚ ਤਾਇਨਾਤ ਇਹ ਕਾਂਸਟੇਬਲ ਆਪਣੀ ਗ੍ਰਿਫ਼ਤਾਰੀ ਸਮੇਂ ਛੁੱਟੀ 'ਤੇ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਸ ਨੂੰ ਉਸ ਦੇ ਭਰਾ ਪੁਪਿੰਦਰ ਸਿੰਘ ਵਿਰੁੱਧ ਦਰਜ ਕੀਤੇ ਗਏ ਇੱਕ ਪੁਰਾਣੇ ਐੱਨ ਡੀ ਪੀ ਐੱਸ ਕੇਸ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਜਸਵਿੰਦਰ ਦੀ ਗ੍ਰਿਫ਼ਤਾਰੀ ਦੇ ਮਹਿਜ਼ ਇੱਕ ਹਫ਼ਤੇ ਬਾਅਦ 9 ਮਾਰਚ ਨੂੰ ਜੰਮੂ ਦੀ ਇੱਕ ਅਦਾਲਤ ਨੇ ਪੁਪਿੰਦਰ ਨੂੰ ਕੇਸ ਤੋਂ ਬਰੀ ਕਰ ਦਿੱਤਾ ਸੀ।
ਉਦੋਂ ਤੋਂ ਹੀ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਵੀਰਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਮੰਗ ਕੀਤੀ।
ਪੋਸਟਮਾਰਟਮ ਦੀ ਰਿਪੋਰਟ, ਜਿਸ ਦੀ ਕਾਪੀ ਟ੍ਰਿਬਿਊਨ ਕੋਲ ਮੌਜੂਦ ਹੈ, ਦੱਸਦੀ ਹੈ ਕਿ ਸਾਰੀਆਂ ਸੱਟਾਂ ਮੌਤ ਤੋਂ ਪਹਿਲਾਂ ਦੀਆਂ (ante-mortem) ਹਨ। ਲਗਪਗ 25 ਸੱਟਾਂ ਮੌਤ ਤੋਂ 2 ਤੋਂ 4 ਦਿਨ ਪਹਿਲਾਂ ਲੱਗੀਆਂ ਸਨ, ਜਦਕਿ 9 ਸੱਟਾਂ ਮੌਤ ਤੋਂ 18 ਤੋਂ 24 ਘੰਟੇ ਪਹਿਲਾਂ ਲੱਗੀਆਂ ਸਨ। ਰਿਪੋਰਟ ਅਨੁਸਾਰ ਮੌਤ ਅਤੇ ਪੋਸਟਮਾਰਟਮ ਦੇ ਵਿਚਕਾਰ ਦਾ ਸਮਾਂ 24 ਤੋਂ 48 ਘੰਟੇ ਦੱਸਿਆ ਗਿਆ ਹੈ।
ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣਾ ਬਾਕੀ ਹੈ। ਖਰੜ ਤੋਂ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਹਿਸਟੋਪੈਥੋਲੋਜੀ ਰਿਪੋਰਟ ਆਉਣ ਤੱਕ ਮੌਤ ਦੇ ਅਸਲ ਕਾਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਐੱਨ ਸੀ ਬੀ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ 20 ਮਾਰਚ ਨੂੰ ਕੇਸ ਵਿੱਚ ਬਰਾਮਦਗੀ ਲਈ ਜੰਮੂ ਤੋਂ ਅੰਮ੍ਰਿਤਸਰ ਹੁੰਦੇ ਹੋਏ ਤਰਨਤਾਰਨ ਲਿਜਾਂਦੇ ਸਮੇਂ ਜਸਵਿੰਦਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।
ਮ੍ਰਿਤਕ ਦੀ ਮਾਂ ਅਤੇ ਪਤਨੀ ਨੇ ਦੋਸ਼ ਲਗਾਇਆ ਕਿ ਘਟਨਾ ਦੇ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਭਰਾਵਾਂ ਨੂੰ ਐੱਨ ਡੀ ਪੀ ਐੱਸ ਕੇਸ ਵਿੱਚ ਝੂਠਾ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਪਿੰਦਰ ਸਿੰਘ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਸੀ, ਜਿਸ ਨੂੰ ਅਦਾਲਤ ਨੇ ਪਹਿਲਾਂ ਹੀ ਬਰੀ ਕਰ ਦਿੱਤਾ ਹੈ।
ਲਵਜੀਤ ਕੌਰ ਨੇ ਕਿਹਾ, “ਮੇਰੇ ਪਤੀ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ, ਪਰ ਅਸੀਂ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਾਂ।”
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਮੌਤ 'ਤੇ ਸਵਾਲ ਉਠਾਏ ਸਨ ਅਤੇ ਜੰਮੂ ਸਥਿਤ ਰਿਹਾਇਸ਼ 'ਤੇ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਦੂਜੇ ਪਾਸੇ ਐੱਨ ਸੀ ਬੀ ਅਧਿਕਾਰੀਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਰੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ, ਜਿਸ ਵਿੱਚ ਨਿਆਂਇਕ ਜਾਂਚ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਦੀ ਗ੍ਰਿਫ਼ਤਾਰੀ ਉਸ ਦੇ ਭਰਾ ਦੇ ਕੇਸਾਂ ਦੀ ਜਾਂਚ ਦੌਰਾਨ ਮਿਲੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਕੀਤੀ ਗਈ ਸੀ।

