BSF ਕਾਂਸਟੇਬਲ ਦੀ ਮੌਤ ਦਾ ਮਾਮਲਾ: 3 ਹਫ਼ਤਿਆਂ ਦੀ ਹਿਰਾਸਤ, ਗਾਇਬ ਸੀਸੀਟੀਵੀ ਫੁਟੇਜ ਤੇ ਲਟਕਦੀ ਵਿਸਰਾ ਰਿਪੋਰਟ
50 ਦਿਨ ਬੀਤਣ ਮਗਰੋਂ ਵੀ ਇਨਸਾਫ਼ ਨੂੰ ਤਰਸ ਰਿਹਾ ਪਰਿਵਾਰ; ਪੋਸਟਮਾਰਟਮ ’ਚ ਗੁਪਤ ਅੰਗਾਂ ਸਮੇਤ ਸਰੀਰ ’ਤੇ 34 ਸੱਟਾਂ ਦੇ ਨਿਸ਼ਾਨ, HC ਨੇ ਦਿੱਤੇ ਫੁਟੇਜ ਸੁਰੱਖਿਅਤ ਰੱਖਣ ਦੇ ਹੁਕਮ
ਸੀਮਾ ਸੁਰੱਖਿਆ ਬਲ (BSF) ਦੇ ਕਾਂਸਟੇਬਲ ਜਸਵਿੰਦਰ ਸਿੰਘ ਦੀ ਕਥਿਤ ਹਿਰਾਸਤੀ ਮੌਤ ਨੂੰ 50 ਦਿਨਾਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰ ਅਜੇ ਵੀ ਇਨਸਾਫ਼ ਅਤੇ ਸੱਚਾਈ ਦੀ ਉਡੀਕ ਕਰ ਰਿਹਾ ਹੈ। ਲਗਾਤਾਰ ਹੋ ਰਹੀ ਦੇਰੀ, ਗਾਇਬ ਕੀਤੇ ਜਾ ਰਹੇ ਸਬੂਤਾਂ ਅਤੇ ਅਣਸੁਲਝੇ ਸਵਾਲਾਂ ਕਾਰਨ ਇਹ ਮਾਮਲਾ ਦਿਨ-ਬ-ਦਿਨ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਹੁਣ ਇਸ ਕੇਸ ਵਿੱਚ ਨਸ਼ਾ ਤਸਕਰੀ ਵਿਰੋਧੀ ਵਿਭਾਗ (NCB) ਦੇ ਦਫ਼ਤਰ ਅਤੇ ਨਿੱਜੀ ਹਸਪਤਾਲ ਦੀ ਮਹੱਤਵਪੂਰਨ ਸੀਸੀਟੀਵੀ (CCTV) ਫੁਟੇਜ ਦੇ ਗਾਇਬ ਹੋਣ ਅਤੇ ਮੌਤ ਦੇ ਅਸਲ ਕਾਰਨਾਂ ਨੂੰ ਸਪੱਸ਼ਟ ਕਰਨ ਵਾਲੀ ‘ਵਿਸਰਾ ਰਿਪੋਰਟ’ ਵਿੱਚ ਹੋ ਰਹੀ ਦੇਰੀ ਨੇ ਜਾਂਚ ਪ੍ਰਕਿਰਿਆ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਇਹ ਪੂਰਾ ਵਿਵਾਦ 35 ਸਾਲਾ ਜਸਵਿੰਦਰ ਸਿੰਘ ਦੀ ਸ਼ੱਕੀ ਮੌਤ ਤੋਂ ਬਾਅਦ ਸ਼ੁਰੂ ਹੋਇਆ, ਜੋ ਤ੍ਰਿਪੁਰਾ ਵਿੱਚ ਬੀ.ਐੱਸ.ਐੱਫ. ਦੀ 42ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਨਸ਼ਾ ਤਸਕਰੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਐਨ.ਸੀ.ਬੀ. ਵੱਲੋਂ ਕਰੀਬ ਤਿੰਨ ਹਫ਼ਤੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ 30 ਮਾਰਚ ਨੂੰ ਉਸ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ।
ਸਰਹੱਦੀ ਪਿੰਡ ਦੀਵਾਨਗੜ੍ਹ ਦੇ ਰਹਿਣ ਵਾਲੇ ਜਸਵਿੰਦਰ ਨੂੰ 3 ਮਾਰਚ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਉਹ ਛੁੱਟੀ ’ਤੇ ਆਇਆ ਹੋਇਆ ਸੀ ਅਤੇ ਆਪਣੀ ਮਾਤਾ ਨੂੰ ਦਵਾਈ ਦਿਵਾਉਣ ਜਾ ਰਿਹਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਹਿਰਾਸਤ ਦੌਰਾਨ ਉਨ੍ਹਾਂ ਨੂੰ ਜਸਵਿੰਦਰ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਸਿਹਤ ਬਾਰੇ ਕੋਈ ਜਾਣਕਾਰੀ ਦਿੱਤੀ ਗਈ।
ਪਰਿਵਾਰ ਮੁਤਾਬਕ ਜਸਵਿੰਦਰ ਨੇ ਜੰਮੂ ਸਥਿਤ ਐਨ.ਸੀ.ਬੀ. ਦਫ਼ਤਰ ਤੋਂ ਕਿਸੇ ਤਰ੍ਹਾਂ ਫ਼ੋਨ ਕਰਕੇ ਦੱਸਿਆ ਸੀ ਕਿ ਉਸ ’ਤੇ ਅਧਿਕਾਰੀਆਂ ਵੱਲੋਂ ਅੰਨ੍ਹੇਵਾਹ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਦਾਅਵੇ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ ’ਤੇ 34 ਬਾਹਰੀ ਸੱਟਾਂ ਦੇ ਨਿਸ਼ਾਨ ਪਾਏ ਗਏ। ਰਿਪੋਰਟ ਅਨੁਸਾਰ 25 ਸੱਟਾਂ ਮੌਤ ਤੋਂ ਦੋ ਤੋਂ ਚਾਰ ਦਿਨ ਪਹਿਲਾਂ ਅਤੇ 9 ਸੱਟਾਂ ਮੌਤ ਤੋਂ 18 ਤੋਂ 24 ਘੰਟੇ ਪਹਿਲਾਂ ਮਾਰੀਆਂ ਗਈਆਂ ਸਨ। ਹਾਲਾਂਕਿ, ਖਰੜ ਦੀ ਲੈਬ ਤੋਂ ਕੈਮੀਕਲ ਪ੍ਰੀਖਿਅਕ (ਵਿਸਰਾ) ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਜਿਸ ਕਾਰਨ ਮੌਤ ਦੇ ਅੰਤਿਮ ਕਾਰਨਾਂ ਨੂੰ ਰਾਖਵਾਂ ਰੱਖਿਆ ਗਿਆ ਹੈ।
ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਲਵਜੀਤ ਕੌਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ 18 ਮਈ ਨੂੰ ਹੁਕਮ ਜਾਰੀ ਕੀਤੇ ਸਨ ਕਿ ਐਨ.ਸੀ.ਬੀ. ਦਫ਼ਤਰ ਅਤੇ ਸਬੰਧਤ ਨਿੱਜੀ ਹਸਪਤਾਲ ਦੀ ਸੀਸੀਟੀਵੀ ਫੁਟੇਜ ਨੂੰ ਤੁਰੰਤ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਸਬੂਤ ਮਿਟਾਏ ਨਾ ਜਾ ਸਕਣ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।
ਦੂਜੇ ਪਾਸੇ, ਜੁਡੀਸ਼ੀਅਲ ਮੈਜਿਸਟ੍ਰੇਟ ਅੰਕਿਤਾ ਗੁਪਤਾ ਦੇ ਸਾਹਮਣੇ ਚੱਲ ਰਹੀ ਕਾਰਵਾਈ ਦੌਰਾਨ ਨਿੱਜੀ ਹਸਪਤਾਲ ਨੇ ਲਿਖਤੀ ਰੂਪ ਵਿੱਚ ਕਿਹਾ ਹੈ ਕਿ 10 ਦਿਨਾਂ ਦਾ ਬੈਕਅੱਪ ਹੋਣ ਕਾਰਨ ਪੁਰਾਣੀ ਫੁਟੇਜ ਡਿਲੀਟ ਹੋ ਚੁੱਕੀ ਹੈ। ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਵਪਾਰਕ ਤੇ ਮੈਡੀਕਲ ਅਦਾਰਿਆਂ ਲਈ ਸੁਰੱਖਿਆ ਫੁਟੇਜ ਲੰਬੇ ਸਮੇਂ ਤੱਕ ਰੱਖਣਾ ਲਾਜ਼ਮੀ ਹੁੰਦਾ ਹੈ, ਇਸ ਲਈ ਫੁਟੇਜ ਦਾ ਗਾਇਬ ਹੋਣਾ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।
ਜ਼ਿਕਰਯੋਗ ਹੈ ਕਿ ਐਨ.ਸੀ.ਬੀ. ਨੇ ਤਸ਼ੱਦਦ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ 20 ਮਾਰਚ ਨੂੰ ਜਸਵਿੰਦਰ ਨੂੰ ਜੰਮੂ ਤੋਂ ਤਰਨਤਾਰਨ ਲਿਜਾਣ ਵੇਲੇ ਅੰਮ੍ਰਿਤਸਰ ਦੇ ਨੇੜੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ। ਹਾਲਾਂਕਿ, ਵਿਵਾਦ ਵਧਣ ਮਗਰੋਂ ਵਿਭਾਗ ਨੇ ਜਾਂਚ ਅਧਿਕਾਰੀ ਅਕਾਸ਼ ਰਾਏ ਅਤੇ ਫ਼ੌਜ ਵਿੱਚੋਂ ਡੈਪੂਟੇਸ਼ਨ ’ਤੇ ਆਏ ਅਸਿਸਟੈਂਟ ਡਾਇਰੈਕਟਰ ਅਮਿਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਲਵਜੀਤ ਕੌਰ ਨੇ ਰੋਂਦਿਆਂ ਕਿਹਾ ਕਿ ਦੋ ਮਹੀਨੇ ਬੀਤਣ ਦੇ ਬਾਵਜੂਦ ਵਿਸਰਾ ਰਿਪੋਰਟ ਨਾ ਆਉਣਾ ਅਤੇ ਸਬੂਤਾਂ ਦਾ ਮਿਟਾਇਆ ਜਾਣਾ ਸਿਸਟਮ ਤੋਂ ਉਨ੍ਹਾਂ ਦਾ ਭਰੋਸਾ ਉਠਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਜਾਵੇ।

