ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਤਿੰਨ ਦਿਨਾਂ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਆ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਏਅਰਪੋਰਟ 'ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਪੰਜਾਬ ਦੇ ਸੰਬੰਧ ਵਿੱਚ ਵਿਸ਼ੇਸ਼ ਚਰਚਾ ਕੀਤੀ ਹੈ।
ਉਨ੍ਹਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਨਵੇਂ ਪੰਜਾਬ ਦੀ ਸਿਰਜਣਾ ਲਈ ਆਪਣੇ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਈ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਅੱਜ ਅੰਮ੍ਰਿਤਸਰ ਪਹੁੰਚਣਗੇ ਅਤੇ ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣਗੇ। ਉਨ੍ਹਾਂ ਦੇ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪੁੱਜਣ ਤੇ ਪੰਜਾਬ ਭਾਜਪਾ ਵੱਲੋਂ ਵਿਸ਼ੇਸ਼ ਸਵਾਗਤ ਹੋਵੇਗਾ। ਉਹ ਅਗਲੇ ਦੋ ਦਿਨ ਜਲੰਧਰ ਅਤੇ ਲੁਧਿਆਣਾ ਤੇ ਹੋਰ ਥਾਵਾਂ ਤੇ ਵੱਖ ਵੱਖ ਮੀਟਿੰਗਾਂ ਕਰਨਗੇ।
ਇਸ ਦੌਰੇ ਦੌਰਾਨ ਨਬੀਨ ਭਾਜਪਾ ਦੀ ਪੰਜਾਬ ਵਿੱਚ ਧਰਾਤਲੀ ਸਥਿਤੀ ਦਾ ਜਾਇਜ਼ਾ ਵੀ ਲੈਣਗੇ ਤਾਂ ਜੋ 2027 ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਦੀ ਜਿੱਤ ਲਈ ਯਤਨ ਕੀਤੇ ਜਾ ਸਕਣ। ਬੰਗਾਲ ਵਿੱਚ ਜਿੱਤ ਤੋਂ ਬਾਅਦ ਭਾਜਪਾ ਵੱਲੋਂ ਹੁਣ ਪੰਜਾਬ ਮਿਸ਼ਨ ਆਰੰਭ ਕੀਤਾ ਜਾ ਰਿਹਾ ਹੈ, ਜਿਸ ਤਹਿਤ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਜਿੱਤ ਪ੍ਰਾਪਤ ਕਰਨਾ ਅਤੇ ਸਰਕਾਰ ਸਥਾਪਿਤ ਕਰਨਾ ਟੀਚਾ ਹੈ।
ਇਸ ਸਿਲਸਲੇ ਤਹਿਤ ਹੀ ਕੁਝ ਦਿਨ ਪਹਿਲਾਂ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਕੇਵਲ ਸਿੰਘ ਢਿੱਲੋ ਨੂੰ ਬਣਾਇਆ ਗਿਆ ਹੈ। ਇਸ ਮਿਸ਼ਨ ਦੀ ਸ਼ੁਰੂਆਤ ਭਾਜਪਾ ਨੇ ਪੰਜਾਬ ਵਿੱਚ ਸਿੱਖ ਚਿਹਰੇ ਨਾਲ ਕੀਤੀ ਹੈ। ਇਸੇ ਕੜੀ ਵਿੱਚ ਹੀ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਜੋ ਕਿ ਅੰਮ੍ਰਿਤਸਰ ਦੇ ਵਾਸੀ ਹਨ, ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ , ਤਾਂ ਜੋ ਪੰਜਾਬ ਵਿੱਚ ਭਾਜਪਾ ਹੋਰ ਮਜਬੂਤ ਹੋ ਸਕੇ।
Advertisement
Advertisement
×
