BJP ਸੰਸਦ ਮੈਂਬਰ ਨੇ ਸੱਜਣ ਕੁਮਾਰ ਦੇ ਘਰ ਜਾਣ ਨੂੰ ਮੰਨਿਆ ਆਪਣੀ ਗ਼ਲਤੀ; ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਿਮਾ-ਯਾਚਨਾ ਦੀ ਕੀਤੀ ਅਪੀਲ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਭੇਜਿਆ ਪੱਤਰ
ਨਵੰਬਰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਜਾ ਕੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਸ਼ਾਮਲ ਭਾਜਪਾ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਇਸ ਨੂੰ ਆਪਣੀ ਗ਼ਲਤੀ ਮੰਨਿਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਿਮਾ-ਯਾਚਨਾ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਭੇਜਿਆ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਭੇਜੇ ਇਸ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਸੱਜਣ ਕੁਮਾਰ ਦੀ ਮੌਤ ਉਪਰੰਤ ਕੁਝ ਸਾਥੀ ਸੰਸਦ ਮੈਂਬਰਾਂ ਦੇ ਕਹਿਣ ’ਤੇ ਉਹ ਉਸ ਦੇ ਘਰ ਅਫ਼ਸੋਸ ਪ੍ਰਗਟ ਕਰਨ ਚਲੇ ਗਏ ਸਨ। ਉਨ੍ਹਾਂ ਆਖਿਆ ਕਿ ਉਸ ਕੋਲੋਂ ਗ਼ਲਤੀ ਹੋਈ ਹੈ ਅਤੇ ਉਹ ਇਸ ਗ਼ਲਤੀ ਦੀ ਖ਼ਿਮਾ-ਯਾਚਨਾ ਕਰਦੇ ਹਨ।
ਉਨ੍ਹਾਂ ਲਿਖਿਆ ਕਿ 1993 ਵਿੱਚ ਉਨ੍ਹਾਂ ਇੱਕ ਵਫ਼ਦ ਦੇ ਨਾਲ ਜਾ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਸਿੱਖ ਕਤਲੇਆਮ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕਾਂਗਰਸੀ ਆਗੂ ਸੱਜਣ ਕੁਮਾਰ ਨਾਲ ਕੋਈ ਹਮਦਰਦੀ ਨਹੀਂ ਰੱਖਦੇ ਸਗੋਂ ਕਾਂਗਰਸ ਵਿੱਚ ਹੁੰਦਿਆਂ ਇਸੇ ਕਾਰਨ ਉਨ੍ਹਾਂ ਉਸ ਨਾਲ ਕਦੇ ਗੱਲਬਾਤ ਵੀ ਨਹੀਂ ਕੀਤੀ ਸੀ। ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਸਿੱਖ ਕੌਮ ਦੇ ਹਿਤੈਸ਼ੀ ਰਹੇ ਹਨ ਅਤੇ ਸਿੱਖ ਕੌਮ ਦੇ ਹਿੱਤ ਵਿੱਚ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬਉੱਚ ਸੰਸਥਾ ਹੈ ਅਤੇ ਉਹ ਇਸ ਅੱਗੇ ਸਿਰ ਝੁਕਾਉਂਦੇ ਹੋਏ ਆਪਣੀ ਗ਼ਲਤੀ ਸਵੀਕਾਰ ਕਰਕੇ ਖ਼ਿਮਾ-ਯਾਚਨਾ ਦੀ ਅਪੀਲ ਕਰਦੇ ਹਨ। ਉਨ੍ਹਾਂ ਨੂੰ ਖ਼ਿਮਾ ਕਰਕੇ ਇਸ ਮਾਮਲੇ ਵਿੱਚ ਸੁਰਖ਼ਰੂ ਕੀਤਾ ਜਾਵੇ।

