DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bihar Patliputra Station Students Protest: ਬਿਹਾਰ ਸਿਪਾਹੀ ਭਰਤੀ ਪ੍ਰੀਖਿਆ: ਪ੍ਰਬੰਧਾਂ ਤੋਂ ਖ਼ਫ਼ਾ ਵਿਦਿਆਰਥੀਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਭਾਰੀ ਤੋੜਫੋੜ

ਗੁੱਸੇ ਵਿੱਚ ਆਏ ਨੌਜਵਾਨਾਂ ਨੇ ਰੋਕੀਆਂ ਰੇਲਾਂ; ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਵੱਲੋਂ ਹਵਾਈ ਫਾਇਰਿੰਗ

  • fb
  • twitter
  • whatsapp
  • whatsapp
featured-img featured-img
ਬਿਹਾਰ ਸਿਪਾਹੀ ਭਰਤੀ ਪ੍ਰੀਖਿਆ: ਪ੍ਰਬੰਧਾਂ ਤੋਂ ਖ਼ਫ਼ਾ ਵਿਦਿਆਰਥੀਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਭਾਰੀ ਤੋੜਫੋੜ,ਫੋਟੋ: ਐਕਸ
Advertisement

Bihar Students Protest:  ਬਿਹਾਰ ਵਿੱਚ ਅੱਜ ਤੋਂ ਸ਼ੁਰੂ ਹੋਈ ਸਿਪਾਹੀ ਭਰਤੀ ਪ੍ਰੀਖਿਆ ਦੇ ਪਹਿਲੇ ਹੀ ਦਿਨ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਜਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਪੁੱਜੇ ਪ੍ਰੀਖਿਆਰਥੀਆਂ ਨੇ ਪ੍ਰਬੰਧਾਂ ਦੀ ਘਾਟ ਦਾ ਦੋਸ਼ ਲਾਉਂਦਿਆਂ ਪਾਟਲੀਪੁੱਤਰ ਰੇਲਵੇ ਸਟੇਸ਼ਨ ’ਤੇ ਜ਼ੋਰਦਾਰ ਹੰਗਾਮਾ ਕੀਤਾ। ਰੇਲ ਗੱਡੀਆਂ ਦੀ ਲੋੜੀਂਦੀ ਵਿਵਸਥਾ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਉਮੀਦਵਾਰਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤੇ ਅਤੇ ਕਈ ਰੇਲ ਗੱਡੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਪ੍ਰਦਰਸ਼ਨ ਹਿੰਸਕ ਰੂਪ ਅਖਤਿਆਰ ਕਰ ਗਿਆ ਅਤੇ ਆਕ੍ਰੋਸ਼ਿਤ ਭੀੜ ਵੱਲੋਂ ਰੇਲਵੇ ਸਟੇਸ਼ਨ ’ਤੇ ਜੰਮ ਕੇ ਪਥਰਾਅ ਕੀਤਾ ਗਿਆ ਅਤੇ ਪ੍ਰੀਖਿਆ ਵਿਸ਼ੇਸ਼ (ਐਗਜ਼ਾਮ ਸਪੈਸ਼ਲ) ਟ੍ਰੇਨ ਵਿੱਚ ਭਾਰੀ ਤੋੜਫੋੜ ਕੀਤੀ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਮਲੇ ਸਣੇ ਮੌਕੇ ’ਤੇ ਪਹੁੰਚੇ ਪਟਨਾ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਐੱਮ.) ਡਾ. ਤਿਆਗਰਾਜਨ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਸਟੇਸ਼ਨ ’ਤੇ ਹੰਗਾਮੇ ਦੀ ਖ਼ਬਰ ਮਿਲੀ ਸੀ। ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਸ਼ਾਂਤ ਰਹਿਣ ਅਤੇ ਪ੍ਰੀਖਿਆ ਦੇਣ ਦੇ ਚਾਹਵਾਨ ਹੋਰਨਾਂ ਵਿਦਿਆਰਥੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਵਾਰ-ਵਾਰ ਟ੍ਰੇਨਾਂ ਦੀ ਐਮਰਜੈਂਸੀ ਚੇਨ ਖਿੱਚ ਕੇ ਰੇਲਵੇ ਆਵਾਜਾਈ ਵਿੱਚ ਵਿਘਨ ਪਾਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਦੋ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ ਸਨ, ਪਰ ਪ੍ਰਦਰਸ਼ਨਕਾਰੀਆਂ ਨੇ ਹੋਰ ਟ੍ਰੇਨਾਂ ਦੀ ਮੰਗ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਜਾਣ ਤੋਂ ਰੋਕਿਆ, ਜਿਸ ਕਾਰਨ ਪੁਲੀਸ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਹਲਕਾ ਬਲ ਪ੍ਰਯੋਗ ਕਰਨਾ ਪਿਆ ਅਤੇ ਹਵਾਈ ਫਾਇਰਿੰਗ ਦਾ ਸਹਾਰਾ ਲੈਣਾ ਪਿਆ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਟ੍ਰੇਨਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।

Advertisement

ਦੁਕਾਨਾਂ ਦੀ ਭੰਨਤੋੜ

ਇਸ ਹਿੰਸਕ ਘਟਨਾ ਦੇ ਇੱਕ ਚਸ਼ਮਦੀਦ ਦੁਕਾਨਦਾਰ ਸੰਜੇ ਕੁਮਾਰ ਸ਼ਰਮਾ ਨੇ ਹਾਦਸੇ ਦੀ ਭਿਆਨਕਤਾ ਬਿਆਨ ਕਰਦਿਆਂ ਕਿਹਾ ਕਿ ਸ਼ੁਰੂਆਤ ਵਿੱਚ ਉਮੀਦਵਾਰਾਂ ਨੇ ਟ੍ਰੇਨਾਂ ਰੋਕੀਆਂ ਸਨ। ਜਦੋਂ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਸਮਝਾਉਣ ਆਏ ਤਾਂ ਭੀੜ ਹੋਰ ਉਗਰ ਹੋ ਗਈ ਅਤੇ ਦੇਖਦੇ ਹੀ ਦੇਖਦੇ ਹਿੰਸਾ ਭੜਕ ਉੱਠੀ। ਉਪਦ੍ਰਵੀਆਂ ਵੱਲੋਂ ਸਟੇਸ਼ਨ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੀ ਦੁਕਾਨ ਅੰਦਰ ਵੱਡੇ-ਵੱਡੇ ਪੱਥਰ ਸੁੱਟੇ ਗਏ ਅਤੇ ਭਾਰੀ ਨੁਕਸਾਨ ਕੀਤਾ ਗਿਆ। ਚਸ਼ਮਦੀਦ ਮੁਤਾਬਕ ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਵਿੱਚ ਸਫ਼ਲ ਹੋਇਆ।

Advertisement

ਸਖ਼ਤ ਸੁਰੱਖਿਆ ਹੇਠ 500 ਕੇਂਦਰਾਂ ’ਤੇ 16 ਲੱਖ ਉਮੀਦਵਾਰ ਦੇ ਰਹੇ ਪ੍ਰੀਖਿਆ

ਜ਼ਿਕਰਯੋਗ ਹੈ ਕਿ ਸੂਬੇ ਵਿੱਚ 4,128 ਅਸਾਮੀਆਂ ਦੀ ਭਰਤੀ ਲਈ 16 ਲੱਖ ਤੋਂ ਵੱਧ ਉਮੀਦਵਾਰ ਪ੍ਰੀਖਿਆ ਵਿੱਚ ਭਾਗ ਲੈ ਰਹੇ ਹਨ, ਜਿਸ ਲਈ 500 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਪ੍ਰੀਖਿਆ 17 ਜੂਨ ਤੱਕ ਨਿਰੰਤਰ ਜਾਰੀ ਰਹੇਗੀ। ਇਸ ਭਰਤੀ ਪ੍ਰਕਿਰਿਆ ਤਹਿਤ:

  • ਵਾਰਡਰ (Warder) : 2,417 ਅਸਾਮੀਆਂ
  • ਆਬਕਾਰੀ ਸਿਪਾਹੀ : 1,603 ਅਸਾਮੀਆਂ
  • ਮੋਬਾਈਲ ਸਕੁਐਡ ਸਿਪਾਹੀ : 108 ਅਸਾਮੀਆਂ

ਪ੍ਰੀਖਿਆ ਦਾ ਸਮਾਂ ਅਤੇ ਸਖ਼ਤ ਨਿਯਮ

ਪ੍ਰੀਖਿਆ ਦੋ ਸ਼ਿਫਟਾਂ (ਸਵੇਰੇ 10 ਤੋਂ 12 ਅਤੇ ਦੁਪਹਿਰ 3 ਤੋਂ 5 ਵਜੇ) ਵਿੱਚ ਲਈ ਜਾ ਰਹੀ ਹੈ। ਪ੍ਰਸ਼ਾਸਨ ਨੇ ਨਕਲ ਅਤੇ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਰੋਕਣ ਲਈ ਸਖ਼ਤ ਬਦਲਾਅ ਕੀਤੇ ਹਨ। ਇਸ ਵਾਰ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿੱਚ ਆਪਣਾ ਪੈੱਨ ਤੱਕ ਲਿਜਾਣ ਦੀ ਇਜਾਜ਼ਤ ਨਹੀਂ ਹੈ, ਪੈੱਨ ਕੇਂਦਰ ਦੇ ਅੰਦਰ ਹੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ, ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਦੇ ਮੋਬਾਈਲ ਫ਼ੋਨਾਂ ਦੀ ਵਰਤੋਂ ’ਤੇ ਵੀ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਹਰ ਸ਼ਿਫਟ ਲਈ ਵੱਖਰੇ ਪ੍ਰਸ਼ਨ ਪੱਤਰ ਅਤੇ ਓ.ਐੱਮ.ਆਰ. (OMR) ਸ਼ੀਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਉੱਚ ਅਧਿਕਾਰੀਆਂ ਅਤੇ ਪੁਲੀਸ ਦੀ ਨਿਗਰਾਨੀ ਹੇਠ ਨਿਰਧਾਰਤ ਸਮੇਂ 'ਤੇ ਹੀ ਖੋਲ੍ਹਿਆ ਜਾਵੇਗਾ। ਪ੍ਰੀਖਿਆ ਕੇਂਦਰਾਂ ਦੇ ਅੰਦਰ ਮੋਬਾਈਲ, ਸਮਾਰਟ ਵਾਚ, ਬਲੂਟੁੱਥ ਸਮੇਤ ਸਾਰੇ ਇਲੈਕਟ੍ਰਾਨਿਕ ਉਪਕਰਣ ਪੂਰੀ ਤਰ੍ਹਾਂ ਵਰਜਿਤ ਹਨ ਅਤੇ ਉਮੀਦਵਾਰਾਂ ਲਈ ਫੋਟੋ ਸ਼ਨਾਖਤੀ ਪੱਤਰ ਲਿਆਉਣਾ ਲਾਜ਼ਮੀ ਕੀਤਾ ਗਿਆ ਹੈ।

Advertisement
×