Bathinda protest: ਜ਼ਿਲ੍ਹਾ ਪਰਿਸ਼ਦ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲੀਸ ਹਿਰਾਸਤ ਵਿੱਚ ਜਥੇਬੰਦੀ ਦੇ ਆਗੂ
‘ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ’ ਨੇ ਪੁਲੀਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ; ਪਿੰਡਾਂ ਤੋਂ ਵਰਕਰਾਂ ਨੇ ਬਠਿੰਡਾ ਵੱਲ ਕੀਤੇ ਚਾਲੇ
Bathinda protest: ਸਥਾਨਕ ਜ਼ਿਲ੍ਹਾ ਪਰਿਸ਼ਦ ਦਫ਼ਤਰ ਦੇ ਬਾਹਰ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਜਦੋਂ ਆਪਣੀਆਂ ਹੱਕੀ ਮੰਗਾਂ ਲਈ ਪੱਕਾ ਮੋਰਚਾ ਲਗਾਉਣ ਪਹੁੰਚੇ ‘ਦੇਸ਼ ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ’ ਦੇ ਕਰੀਬ ਅੱਧੀ ਦਰਜਨ ਪ੍ਰਮੁੱਖ ਕਾਰਕੁਨਾਂ ਨੂੰ ਪੁਲੀਸ ਨੇ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਥਿਤ ਤੌਰ ’ਤੇ ਹਿਰਾਸਤ ਵਿੱਚ ਲੈ ਲਿਆ। ਇਸ ਅਚਨਚੇਤ ਕਾਰਵਾਈ ਤੋਂ ਬਾਅਦ ਜਥੇਬੰਦੀ ਦੇ ਮੈਂਬਰਾਂ ਅਤੇ ਵਿਦਿਆਰਥੀ ਵਰਗ ਵਿੱਚ ਭਾਰੀ ਰੋਸ ਫੈਲ ਗਿਆ ਹੈ। ਸੰਗਠਨ ਨੇ ਪ੍ਰਸ਼ਾਸਨ ਦੀ ਇਸ ਜ਼ੋਰ-ਜ਼ਬਰਦਸਤੀ ਨੂੰ ਨਾਗਰਿਕਾਂ ਦੇ ਸੰਵਿਧਾਨਕ ਅਤੇ ਲੋਕਤੰਤਰੀ ਹੱਕਾਂ ਦਾ ਘਾਣ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਆਪਣੀਆਂ ਵੱਖ-ਵੱਖ ਭਖਦੀਆਂ ਮੰਗਾਂ ਦੇ ਹੱਲ ਲਈ ਲੰਘੇ ਦਿਨ ਵੀ ਇੱਥੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ 13 ਜੂਨ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਗੱਡਣ ਦਾ ਬਾਕਾਇਦਾ ਐਲਾਨ ਕੀਤਾ ਹੋਇਆ ਸੀ। ਫੜੇ ਗਏ ਆਗੂਆਂ ਦੇ ਸਾਥੀਆਂ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਕਾਰਕੁਨਾਂ ਵਿੱਚ ਦੋ ਮਹਿਲਾ ਵਰਕਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਫਿਲਹਾਲ ਥਾਣਾ ਸਿਵਲ ਲਾਈਨ ਵਿਖੇ ਰੱਖਿਆ ਗਿਆ ਹੈ। ਇਸ ਕਾਰਵਾਈ ਮਗਰੋਂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਤੇਜ਼ ਹੋ ਗਈ ਹੈ।
ਪੁਲੀਸ ’ਤੇ ਲੱਗਿਆ ਵਾਅਦਾਖ਼ਿਲਾਫ਼ੀ ਅਤੇ ਧੋਖਾਧੜੀ ਦਾ ਦੋਸ਼
ਸੰਗਠਨ ਦੇ ਆਗੂਆਂ ਨੇ ਪੁਲੀਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਬੀਤੀ ਸ਼ਾਮ ਉੱਚ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਵਿੱਚ ਲਿਆ ਸੀ ਅਤੇ ਇਹ ਕਹਿ ਕੇ ਰਾਤ ਸਮੇਂ ਸਥਾਨ ਖਾਲੀ ਕਰਨ ਲਈ ਮਨਾਇਆ ਸੀ ਕਿ ਉਹ ਅਗਲੇ ਦਿਨ ਸਵੇਰੇ ਮੁੜ ਆ ਕੇ ਅਮਨ-ਅਮਾਨ ਨਾਲ ਆਪਣਾ ਧਰਨਾ ਜਾਰੀ ਰੱਖ ਸਕਦੇ ਹਨ।
ਦੂਜੇ ਪਾਸੇ, ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਅਤੇ ਨਾ ਹੀ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਬਾਰੇ ਕੋਈ ਪੁਸ਼ਟੀ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸੰਗਠਨ ਦੇ ਮੈਂਬਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਜਥੇਬੰਦੀ ਦੇ ਪਿੰਡਾਂ ਵਿਚਲੇ ਵਰਕਰ ਧਰਨਾ ਸਥਾਨ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਹਨ।
