Bathinda Municipal Elections: ‘ਆਪ’ ਵਿੱਚ ਅੰਦਰੂਨੀ ਘਮਾਸਾਨ; ਵਿਧਾਇਕ ਜਗਰੂਪ ਗਿੱਲ ਦੀ ਨਾਰਾਜ਼ਗੀ ਨੇ ਚੜ੍ਹਾਇਆ ਸਿਆਸੀ ਪਾਰਾ
ਟਿਕਟ ਵੰਡ ਤੋਂ ਖ਼ਫ਼ਾ ਵਿਧਾਇਕ ਦੇ ਭਾਣਜੇ ਸਣੇ ਨੇੜਲੇ ਸਮਰਥਕਾਂ ਨੇ ਟਿਕਟਾਂ ਮੋੜੀਆਂ; ਮੇਅਰ ਮਹਿਤਾ ਅਤੇ ਗਿੱਲ ਧੜੇ ਵਿਚਾਲੇ ਟਕਰਾਅ ਵਧਿਆ
ਬਠਿੰਡਾ ਦੀ ਸਿਆਸਤ ਇੱਕ ਵਾਰ ਫਿਰ ਗਰਮਾਈ ਹੋਈ ਹੈ। ਨਗਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਖਾਸ ਕਰਕੇ ਜਗਰੂਪ ਸਿੰਘ ਗਿੱਲ ਦੇ ਸਮਰਥਕਾਂ ਵਿੱਚ ਦਿਖ ਰਹੀ ਨਾਰਾਜ਼ਗੀ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਧਾਇਕ ਦੇ ਭਾਣਜੇ ਸਮੇਤ ਉਨ੍ਹਾਂ ਦੇ ਨੇੜਲੇ ਚਿਹਰਿਆਂ ਵੱਲੋਂ ਟਿਕਟ ਵਾਪਸ ਕਰਨਾ ਪਾਰਟੀ ਲਈ ਸੁਖਦ ਸੰਕੇਤ ਨਹੀਂ ਮੰਨਿਆ ਜਾ ਰਿਹਾ।
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਜਗਰੂਪ ਗਿੱਲ, ਜੋ ਨਗਰ ਨਿਗਮ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਚਿਹਰਾ ਮੰਨੇ ਜਾਂਦੇ ਸਨ, ਨੂੰ ਉਸ ਵੇਲੇ ਦੇ ਪ੍ਰਭਾਵਸ਼ਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧੜੇ ਵੱਲੋਂ ਸਿਆਸੀ ਤੌਰ ’ਤੇ ਹਾਸੀਏ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੇਅਰ ਦੀ ਕੁਰਸੀ ਹੱਥੋਂ ਨਿਕਲਣ ਤੋਂ ਬਾਅਦ ਗਿੱਲ ਨੇ ਖੁੱਲ੍ਹ ਕੇ ਆਪਣੀ ਸਿਆਸੀ ਲੜਾਈ ਲੜੀ ਅਤੇ 2022 ਦੀ ਵਿਧਾਨ ਸਭਾ ਚੋਣ ਵਿੱਚ ਮਨਪ੍ਰੀਤ ਬਾਦਲ ਨੂੰ ਵੱਡੇ ਫਰਕ ਨਾਲ ਹਰਾਕੇ ਵਿਧਾਇਕ ਬਣਦਿਆਂ ਆਪਣੀ ਵੱਖਰੀ ਸਿਆਸੀ ਪਛਾਣ ਬਣਾਈ ਸੀ ।
ਹੁਣ ਇੱਕ ਵਾਰ ਫਿਰ ਨਗਰ ਨਿਗਮ ਚੋਣਾਂ ਦੌਰਾਨ ਟਿਕਟ ਵੰਡ ਨੂੰ ਲੈ ਕੇ ਪਾਰਟੀ ਅੰਦਰ ਤਣਾਅ ਸਾਫ਼ ਦਿਖਾਈ ਦੇ ਰਿਹਾ ਹੈ। ਚਰਚਾ ਹੈ ਕਿ ਮੌਜੂਦਾ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਧੜੇ ਅਤੇ ਵਿਧਾਇਕ ਗਿੱਲ ਦੇ ਸਮਰਥਕਾਂ ਵਿਚਾਲੇ ਟਿਕਟਾਂ ਨੂੰ ਲੈ ਕੇ ਅਸਹਿਮਤੀ ਰਹੀ, ਜਿਸ ਕਾਰਨ ਗਿੱਲ ਸਮਰਥਕਾਂ ਦੀਆਂ ਕਈ ਮਜ਼ਬੂਤ ਦਾਅਵੇਦਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਤੋਂ ਨਾਰਾਜ਼ ਹੋ ਕੇ ਗਿੱਲ ਧੜੇ ਨੇ ਖੁੱਲ੍ਹਾ ਰੋਸ ਦਰਜ ਕਰਵਾਇਆ।
ਬੀਤੇ ਦਿਨੀਂ ਵਿਧਾਇਕ ਗਿੱਲ ਨੇ ਆਪਣੇ ਸਮਰਥਕਾਂ ਅਤੇ ਨਿਗਮ ਚੋਣਾਂ ਦੇ ਦਾਅਵੇਦਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦੁਹਰਾਈ, ਨਾਲ ਹੀ ਸ਼ਹਿਰ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਟਿਕਟ ਵੰਡ ਲਈ ਬਣਾਈ ਗਈ ਛੇ ਮੈਂਬਰੀ ਕਮੇਟੀ ਦੀ ਮੀਟਿੰਗ ਨਾ ਹੋਣ ’ਤੇ ਨਾਰਾਜ਼ਗੀ ਜਤਾਉਂਦਿਆਂ ਇਸਨੂੰ ਮੰਦਭਾਗਾ ਕਰਾਰ ਦਿੱਤਾ।
ਸਿਆਸੀ ਹਲਕਿਆਂ ਵਿੱਚ ਸਭ ਤੋਂ ਵੱਧ ਚਰਚਾ ਉਸ ਵੇਲੇ ਛਿੜੀ ਜਦੋਂ ਵਿਧਾਇਕ ਨੇ ਆਪਣੇ ਭਾਣਜੇ ਸੁਖਦੀਪ ਢਿੱਲੋਂ ਸਮੇਤ ਇੱਕ ਹੋਰ ਕਰੀਬੀ ਸਮਰਥਕ ਦੀ ਟਿਕਟ ਵਾਪਸ ਕਰਵਾ ਦਿੱਤੀ। ਇਸ ਕਦਮ ਨੇ ਨਿਗਮ ਚੋਣਾਂ ਤੋਂ ਪਹਿਲਾਂ ਬਠਿੰਡਾ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਹੁਣ ਗਿੱਲ ਦੇ ਇਨ੍ਹਾਂ ਬਿਆਨਾਂ ਅਤੇ ਕਦਮਾਂ ਦੇ ਅਸਲ ਸਿਆਸੀ ਮਾਇਨੇ ਕੀ ਨਿਕਲਦੇ ਹਨ, ਇਸ ਦਾ ਸਪਸ਼ਟ ਸੰਕੇਤ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਮਿਲੇਗਾ, ਪਰ ਫਿਲਹਾਲ ਬਠਿੰਡਾ ਦੀ ਸਿਆਸਤ ਵਿੱਚ ਬਣ ਰਹੇ ਨਵੇਂ ਸਮੀਕਰਨਾਂ ਨੇ ਸਾਰੇ ਰਾਜਨੀਤਿਕ ਧੜਿਆਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ।

