DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Satluj ਫ਼ਿਲਮ 'ਤੇ ਪਾਬੰਦੀ ਲਗਾਉਣਾ ਸੱਚ ਅਤੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ 'ਤੇ ਹਮਲਾ: ਜਥੇਦਾਰ ਗੜਗੱਜ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ ਸਤਲੁਜ ਦਾ ਪ੍ਰਸਾਰਣ ਭਾਰਤ ਅੰਦਰ ਰੋਕਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਨੂੰ ਵਿਚਾਰਾਂ ਦੀ ਅਜ਼ਾਦੀ ਨੂੰ ਦਬਾਉਣ...

  • fb
  • twitter
  • whatsapp
  • whatsapp
featured-img featured-img
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ।
Advertisement

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ ਸਤਲੁਜ ਦਾ ਪ੍ਰਸਾਰਣ ਭਾਰਤ ਅੰਦਰ ਰੋਕਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਨੂੰ ਵਿਚਾਰਾਂ ਦੀ ਅਜ਼ਾਦੀ ਨੂੰ ਦਬਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਸਾਰ ਵਿੱਚ ਵਿਚਾਰ ਦੇਣ ਦੀ ਖੁੱਲ੍ਹ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਗੱਲ ਵੀ ਵੱਡੇ ਪੱਧਰ ਉੱਤੇ ਹੁੰਦੀ ਹੈ ਤਾਂ ਦੇਸ਼ ਅੰਦਰ ਘੱਟ-ਗਿਣਤੀ ਸਿੱਖਾਂ ਵਿਰੁੱਧ ਕੀਤੇ ਗਏ ਤਸ਼ੱਦਦ ਨੂੰ ਦੁਨੀਆ ਦੇ ਸਾਹਮਣੇ ਆਉਣ ਤੋਂ ਰੋਕਣਾ ਗ਼ੈਰ-ਸੰਵਿਧਾਨਕ ਅਤੇ ਧੱਕੇ ਵਾਲੀ ਕਾਰਵਾਈ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ 1990 ਦੇ ਦਹਾਕੇ ਅੰਦਰ ਜਦੋਂ ਸਿੱਖ ਨੌਜਵਾਨਾਂ ਦਾ ਕਤਲੇਆਮ ਅਤੇ ਝੂਠੇ ਪੁਲੀਸ ਮੁਕਾਬਲੇ ਕੀਤੇ ਗਏ ਤਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਨੇ ਸੰਘਰਸ਼ ਅਤੇ ਮਿਹਨਤ ਨਾਲ ਕਤਲ ਕੀਤੇ ਨੌਜਵਾਨਾਂ ਦੇ ਵੇਰਵੇ ਇਕੱਤਰ ਕਰਕੇ ਦੁਨੀਆ ਦੇ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੀ ਕਹਾਣੀ ਮਨੁੱਖੀ ਅਧਿਕਾਰਾਂ ਦੀ ਹੋਈ ਵੱਡੀ ਉਲੰਘਣਾ ਨੂੰ ਉਜਾਗਰ ਕਰਦੀ ਹੈ ਅਤੇ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ, ਉਹ ਹਮੇਸ਼ਾ ਸਾਹਮਣੇ ਆ ਕੇ ਹੀ ਰਹਿੰਦਾ ਹੈ। ਉਨ੍ਹਾਂ ਜ਼ੋਰ ਦੇ ਕਿ ਕਿਹਾ ਅੱਜ ਜਦੋਂ ਦੇਸ਼ ਅੰਦਰ ਵੱਖ-ਵੱਖ ਭਾਈਚਾਰਿਆਂ ਖ਼ਾਸਕਰ ਬਹੁ-ਗਿਣਤੀ ਉੱਤੇ ਹੋਏ ਤਸ਼ੱਦਦ ਬਾਰੇ ਫ਼ਿਲਮਾਂ ਅਜ਼ਾਦੀ ਨਾਲ ਦਿਖਾਈਆਂ ਜਾ ਸਕਦੀਆਂ ਹਨ ਤਾਂ ਘੱਟ-ਗਿਣਤੀ ਸਿੱਖਾਂ ਉੱਤੇ ਹੋਏ ਤਸ਼ੱਦਦ ਬਾਰੇ ਫ਼ਿਲਮ ਦੀ ਅਵਾਜ਼ ਦਬਾਉਣਾ ਬਿਲਕੁਲ ਉਚਿਤ ਨਹੀਂ।

Advertisement

ਜਥੇਦਾਰ ਨੇ ਕਿਹਾ ਕਿ ਸਰਕਾਰ ਨੂੰ ਦਿਲ ਵੱਡਾ ਕਰਦਿਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਜਾਗਰ ਕੀਤਾ ਸੱਚ ਦੇਸ਼ ਵਾਸੀਆਂ ਦੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ ਅਤੇ ਸਤਲੁਜ ਫ਼ਿਲਮ ਦਾ ਪ੍ਰਸਾਰਣ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚ ਤੋਂ ਜਿੰਨਾ ਦੂਰ ਭੱਜਿਆ ਜਾਵੇ, ਸੱਚ ਓਨੇ ਹੀ ਜ਼ੋਰ ਨਾਲ ਦੁਨੀਆ ਦੇ ਸਾਹਮਣੇ ਪ੍ਰਤੱਖ ਹੁੰਦਾ ਹੈ। ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਜੁਰਮ ਕਰਨ ਵਾਲਾ ਕਦੇ ਵੀ ਬਚ ਨਹੀਂ ਸਕਦਾ। ਜਥੇਦਾਰ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਦਾ ਸੱਚ ਹੌਲੀ ਹੌਲੀ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਰਾਹੀਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਅਦਾਲਤ ਵੱਲੋਂ ਹੁਣ ਤੱਕ ਬਹੁਤ ਸਾਰੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਦੇ ਕੇਸਾਂ ਵਿੱਚ ਦੋਸ਼ੀ ਠਹਿਰਾ ਕੇ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ, ਇਸ ਲਈ ਸਰਕਾਰ ਨੂੰ ਸਿੱਖਾਂ ਅਤੇ ਪੰਜਾਬ ਪ੍ਰਤੀ ਆਪਣੀ ਪਹੁੰਚ ਬਦਲਣ ਦੀ ਲੋੜ ਹੈ।

Advertisement

ਜਥੇਦਾਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਜੂਨ 1984 ਤੋਂ ਬਾਅਦ ਦੇ ਦਹਾਕੇ ਵਿੱਚ ਸਿੱਖ ਕਤਲੇਆਮ ਅਤੇ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਦੇ ਕੇਸਾਂ ਵਿੱਚ ਸੰਜੀਦਾ ਤੇ ਸੁਹਿਰਦ ਪਹੁੰਚ ਅਪਣਾਏ ਅਤੇ ਸਿੱਖਾਂ ਨੂੰ ਇਨਸਾਫ਼ ਦੇ ਕੇ ਉਨ੍ਹਾਂ ਦੇ ਅੱਲ੍ਹੇ ਜਖਮਾਂ ਉੱਤੇ ਮੱਲ੍ਹਮ ਲਗਾਏ। ਉਨ੍ਹਾਂ ਕਿਹਾ ਕਿ ਫ਼ਿਲਮ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਸਿੱਖਾਂ ਵਿਰੁੱਧ ਹੋਏ ਤਸ਼ੱਦਦ ਦੀ ਕਹਾਣੀ ਨੂੰ ਰੋਕਣ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਦਲ ਖਾਲਸਾ, ਹਵਾਰਾ ਕਮੇਟੀ, ਫੈਡਰੇਸ਼ਨ ਭਿੰਡਰਾਂਵਾਲਾ ਤੇ ਹੋਰ ਕਈ ਜਥੇਬੰਦੀਆਂ ਅਤੇ ਸੰਗਠਨਾਂ ਵੱਲੋਂ ਫਿਲਮ ’ਤੇ ਲਾਈ ਗਈ ਰੋਕ ਦਾ ਕਰੜਾ ਵਿਰੋਧ ਅਤੇ ਆਲੋਚਨਾ ਕੀਤੀ ਜਾ ਚੁੱਕੀ ਹੈ।

Advertisement
×