ਬਲਵਿੰਦਰ ਸਿੰਘ ਕਾਹਲਵਾਂ ਨੂੰ SGPC ਦੇ ਸਕੱਤਰ ਦਾ ਵਾਧੂ ਕਾਰਜ ਭਾਰ ਸੌਂਪਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਕ ਆਦੇਸ਼ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਇਸ ਜ਼ਿੰਮੇਵਾਰੀ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਾ ਕਾਰਜਭਾਰ ਵੀ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਕ ਆਦੇਸ਼ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਇਸ ਜ਼ਿੰਮੇਵਾਰੀ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਾ ਕਾਰਜਭਾਰ ਵੀ ਸੌਂਪ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਸਸਤੇ ਭਾਅ ਵਿੱਚ ਵੇਚਣ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਿੱਖ ਸੰਸਥਾ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਚਾਰ ਕਰਮਚਾਰੀ ਮੁਅੱਤਲ ਕੀਤੇ ਜਾ ਚੁੱਕੇ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਆਖਿਆ ਗਿਆ ਹੈ ਕਿ ਸਕੱਤਰ ਪ੍ਰਤਾਪ ਸਿੰਘ ਦੇ ਮੁਅੱਤਲ ਹੋਣ ਕਰਕੇ ਸਿੱਖ ਸੰਸਥਾ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਆਪਣੇ ਵਿਭਾਗ ਦੇ ਕੰਮਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਵਿਭਾਗਾਂ ਦੇ ਕੰਮ ਵੀ ਦੇਖਣਗੇ।
ਸ੍ਰੀ ਕਾਹਲਵਾਂ ਪਿਛਲੇ 32 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਹਨ। 2022 ਵਿੱਚ ਉਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਦਾ ਵਧੀਕ ਸਕੱਤਰ ਬਣਾਇਆ ਗਿਆ ਸੀ। ਦੋ ਸਾਲ ਬਾਅਦ ਉਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਦਾ ਸਕੱਤਰ ਥਾਪਿਆ ਗਿਆ ਸੀ। ਹੁਣ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਾ ਕਾਰਜ ਭਾਰ ਵੀ ਸੌਂਪਿਆ ਗਿਆ ਹੈ। ਉਹ ਵਿਦਿਅਕ ਯੋਗਤਾ ਪੱਖੋਂ ਸਿੱਖ ਸਟਡੀਜ਼ ਵਿੱਚ ਪੋਸਟ ਗ੍ਰੈਜੂਏਟ ਹਨ। ਉਹ ਹੁਣ ਤੱਕ ਸਿੱਖ ਸੰਸਥਾ ਦੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ।
ਉਹ ਭਲਕੇ 18 ਮਾਰਚ ਨੂੰ ਰਸਮੀ ਤੌਰ ’ਤੇ ਸਕੱਤਰ ਦੇ ਅਹੁਦੇ ਦਾ ਕਾਰਜ ਭਾਰ ਵੀ ਸਾਂਭਣਗੇ।

