Amritsar ਵਿੱਚ ਵੀ ਲਾਗੂ ਹੋਇਆ ਆਟੋਮੇਟਿਡ E-Challan ਸਿਸਟਮ
DGP ਗੌਰਵ ਯਾਦਵ ਵੱਲੋਂ ਪੁਲੀਸ ਥਾਣਾ ਮੋਹਕਮਪੁਰਾ ਦੀ ਨਵੀਂ ਇਮਾਰਤ ਦਾ ਉਦਘਾਟਨ
ਡੀ ਜੀ ਪੀ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ। ਇਸ ਦੌਰਾਨ ਈ-ਚਲਾਨ ਸਿਸਟਮ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ "ਇਸ ਸਿਸਟਮ ਦਾ ਉਦੇਸ਼ ਸ਼ਹਿਰ ਵਿੱਚ ਵਧੇਰੇ ਪਾਰਦਰਸ਼ਤਾ, ਕੁਸ਼ਲ ਟ੍ਰੈਫਿਕ ਇਨਫ਼ੋਰਸਮੈਂਟ ਅਤੇ ਬਿਹਤਰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ।" ਇਸ ਦੌਰਾਨ ਉਨ੍ਹਾਂ ਪੁਲੀਸ ਥਾਣਾ ਮੋਹਕਮਪੁਰਾ ਦੀ ਨਵੀਂ ਸਥਾਪਿਤ ਇਮਾਰਤ ਦਾ ਉਦਘਾਟਨ ਵੀ ਕੀਤਾ, ਜਿਸ ਨੂੰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਵਿਕਸਤ ਕੀਤਾ ਗਿਆ ਹੈ। ਪੁਲੀਸ ਕਰਮਚਾਰੀਆਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਨਾਗਰਿਕਾਂ ਲਈ ਬਿਹਤਰ ਪਹੁੰਚ ਤੇ ਸੇਵਾ ਯਕੀਨੀ ਬਣਾਉਣ ਲਈ ਇਹ ਨਵੀਂ ਇਮਾਰਤ ਵਿਕਸਤ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਪੁਲੀਸ ਕਮਿਸ਼ਨਰ (ਸੀ ਪੀ ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਵੀ ਮੌਜੂਦ ਸਨ।
ਇਸ ਦੌਰਾਨ ਡੀ ਜੀ ਪੀ ਨੇ ਅਪਰਾਧ ਦੇ ਦਿਨੋ-ਦਿਨ ਉੱਭਰ ਰਹੇ ਰੁਝਾਨਾਂ ਦਾ ਮੁਲਾਂਕਣ ਕਰਨ ਅਤੇ ਰੋਕਥਾਮ ਪੁਲੀਸਿੰਗ ਰਣਨੀਤੀਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਾਨੂੰਨ ਅਤੇ ਵਿਵਸਥਾ 'ਤੇ ਵਿਆਪਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪੁਲੀਸ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਅਤੇ ਤਕਨੀਕੀ ਢੰਗ-ਤਰੀਕਿਆਂ ਦੇ ਨਾਲ ਜਨਤਕ ਸੁਰੱਖਿਆ ਤੇ ਸਕਿਊਰਿਟੀ ਨੂੰ ਹੋਰ ਵਧਾਉਣ 'ਤੇ ਲਗਾਤਾਰ ਧਿਆਨ ਕੇਂਦਰਿਤ ਕਰ ਰਹੇ ਹਨ।
ਇਸ ਦੌਰਾਨ ਟੀਮ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਡੀ ਜੀ ਪੀ ਨੇ 'ਬੜਾ ਖਾਣਾ' ‘ਤੇ ਸਾਰੇ ਰੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਖਾਣਾ ਖਾਧਾ ਅਤੇ ਪੁਲੀਸ ਬਲ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਸਮਾਗਮ ਦੌਰਾਨ ਭਾਰਤੀ ਫ਼ੌਜ, ਭਾਰਤੀ ਹਵਾਈ ਫ਼ੌਜ, ਬੀ ਐੱਸ ਐੱਫ, ਨਿਆਂਪਾਲਿਕਾ ਅਤੇ ਸਿਵਲ ਪ੍ਰਸ਼ਾਸਨ ਦੇ ਉੱਘੇ ਪ੍ਰਤੀਨਿਧੀਆਂ ਨੇ ਵੀ ਸ਼ਿਰਕਤ ਕੀਤੀ।
'ਬੜਾ ਖਾਣਾ' ਸਮਾਗਮ ਦੌਰਾਨ ਪੁਲੀਸ ਬਲ ਨੂੰ ਪੇਸ਼ੇਵਰਤਾ, ਇਮਾਨਦਾਰੀ ਅਤੇ ਸਾਹਸ ਨਾਲ ਸੇਵਾ ਜਾਰੀ ਰੱਖਣ ਲਈ ਉਤਸ਼ਾਹਿਤ ਕਰਦਿਆਂ ਡੀ ਜੀ ਪੀ ਨੇ ਪੁਲੀਸ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਮਿਸਾਲੀ ਸੇਵਾ, ਸਮਰਪਣ ਅਤੇ ਪੇਸ਼ੇਵਰਤਾ ਦੇ ਸਨਮਾਨ ਵਿੱਚ ਡੀ ਜੀ ਪੀ ਕਮੈਂਡੇਸ਼ਨ ਡਿਸਕ, ਸਰਟੀਫਿਕੇਟ ਤੇ ਨਕਦ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ।

