ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਅਕਤੂਬਰ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ ਲਾਇਆ ਕਿ ਕੁਝ ਪੰਥ ਵਿਰੋਧੀ ਤਾਕਤਾਂ ਦੀ ਸ਼ਹਿ ’ਤੇ ਕੁਝ ਲੋਕ ਇਸ ਸੰਸਥਾ ਨੂੰ ਢਾਹ ਲਾਉਣ ਦਾ ਯਤਨ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਸਬੰਧੀ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ ਹੈ।
ਇਸ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਪੇਸ਼ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸੌ ਸਾਲਾ ਸਥਾਪਨਾ ਦਿਵਸ ਜੋ ਇਸ ਸਾਲ 15 ਨਵੰਬਰ ਨੂੰ ਆ ਰਿਹਾ ਹੈ, ਸਬੰਧੀ ਵਿਸ਼ੇਸ਼ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਕੌਮ ਨੇ ਲੰਮਾ ਸੰਘਰਸ਼ ਲੜਿਆ, ਜਿਸ ਨੂੰ ਸੰਗਤਾਂ ਤੱਕ ਲਿਜਾਣ ਲਈ ਵਿਸ਼ੇਸ਼ ਦਸਤਾਵੇਜ਼ ਤਿਆਰ ਕੀਤੇ ਜਾਣਗੇ। ਵਿਸ਼ੇਸ਼ ਸੋਵੀਨਰ ਵੀ ਪ੍ਰਕਾਸ਼ਤ ਹੋਵੇਗਾ, ਜਿਸ ਵਿਚ ਕੌਮ ਦੇ ਵੱਡੇ ਵਿਦਵਾਨਾਂ ਪਾਸੋਂ ਮੌਲਿਕ ਲੇਖ ਲਿਖਵਾ ਕੇ ਸ਼ਾਮਲ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਕ ਚਿੱਤਰਕਲਾ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਅਗਲੇ ਸਾਲ ਆ ਰਹੇ ਸਾਕਾ ਨਨਕਾਣਾ ਸਾਹਿਬ ਦੇ ਸੌ ਸਾਲਾ ਨੂੰ ਵੀ ਵਿਸ਼ੇਸ਼ ਤੌਰ ’ਤੇ ਮਨਾਇਆ ਜਾਵੇਗਾ।
ਦਰਬਾਰ ਸਾਹਿਬ ਦੀ ਘਟਨਾ ਲਈ ਬਾਦਲ ਪਰਿਵਾਰ ਜ਼ਿੰਮੇਵਾਰ: ਖਾਲੜਾ ਮਿਸ਼ਨ
ਅੰਮ੍ਰਿਤਸਰ (ਮਨਮੋਹਣ ਸਿੰਘ ਢਿੱਲੋਂ): ਖਾਲੜਾ ਮਿਸ਼ਨ ਅਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਗੁਆਚੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਤਿਕਾਰ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਹੋਏ ਝਗੜੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਸ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਭਾਈ ਸਤਵੰਤ ਸਿੰਘ ਮਾਣਕ, ਗੁਰਜੀਤ ਸਿੰਘ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਵਾਇਆ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਨਾਲ ਰਲ ਕੇ ਲਾਪਤਾ ਕਰਵਾਏ।