Punjab News: ਤਰਨ ਤਾਰਨ 'ਚ ਏ ਐੱਸ ਆਈ ਦੀ ਗੋਲੀਆਂ ਮਾਰ ਕੇ ਹੱਤਿਆ
Punjab Police Attack: ਇਸ ਸਾਲ ਮਿੱਥ ਕੇ ਕੀਤੇ ਗਏ ਹਮਲੇ 'ਚ ਪੰਜਵੇਂ ਪੁਲੀਸ ਮੁਲਾਜ਼ਮ ਦੀ ਮੌਤ
Punjab Police Attack: ਫ਼ਿਰੋਜ਼ਪੁਰ ਦੇ ਸੀ ਆਈ ਏ (CIA) ਸਟਾਫ਼ ਵਿੱਚ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ਏ ਐੱਸ ਆਈ) ਦੀ ਐਤਵਾਰ ਸ਼ਾਮ ਤਰਨ ਤਾਰਨ ਜ਼ਿਲ੍ਹੇ ਦੇ ਲੌਹੁਕਾ ਰੋਡ 'ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਜੋ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਜਦੋਂ ਉਹ ਫ਼ਿਰੋਜ਼ਪੁਰ ਵਿਚ ਆਪਣੀ ਡਿਊਟੀ ਖ਼ਤਮ ਕਰਕੇ ਘਰ ਪਰਤ ਰਿਹਾ ਸੀ, ਉਦੋਂ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਅਤੇ ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਤਰਨ ਤਾਰਨ ਦੇ ਐੱਸ ਐੱਸ ਪੀ (SSP) ਸੁਰਿੰਦਰ ਲਾਂਬਾ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਹੱਤਿਆ ਪੰਜਾਬ ਵਿੱਚ ਪੁਲੀਸ ਮੁਲਾਜ਼ਮਾਂ 'ਤੇ ਹੋ ਰਹੇ ਹਮਲਿਆਂ ਦੀ ਲੜੀ ਦੌਰਾਨ ਕੀਤੀ ਗਈ ਹੈ। ਇਸ ਸਾਲ ਵੱਖ-ਵੱਖ ਘਟਨਾਵਾਂ ਵਿੱਚ ਪਹਿਲਾਂ ਹੀ ਚਾਰ ਪੁਲੀਸ ਮੁਲਾਜ਼ਮ ਮਾਰੇ ਜਾ ਚੁੱਕੇ ਹਨ, ਜਦਕਿ ਦੋ ਹੋਰ ਹਮਲਿਆਂ ਵਿੱਚ ਬਚ ਗਏ ਸਨ।
ਇਸ ਤੋਂ ਪਹਿਲਾਂ 17-18 ਸਤੰਬਰ ਦੀ ਦਰਮਿਆਨੀ ਰਾਤ ਨੂੰ ਪੀ ਸੀ ਆਰ (PCR) ਡਿਊਟੀ ਦੌਰਾਨ ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ ਨੇੜੇ ਏ ਐੱਸ ਆਈ ਹਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉੱਥੇ ਹੀ ਮਈ ਵਿੱਚ ਮਜੀਠਾ ਵਿਖੇ ਏ ਐੱਸ ਆਈ ਜੋਗਾ ਸਿੰਘ ਦਾ ਕਤਲ ਹੋਇਆ ਸੀ। ਜਦਕਿ ਗੁਰਦਾਸਪੁਰ ਜ਼ਿਲ੍ਹੇ ਦੇ ਦੋਰਾਂਗਲਾ ਵਿੱਚ ਵੀ ਦੋ ਪੁਲੀਸ ਮੁਲਾਜ਼ਮ ਮਾਰੇ ਗਏ ਸਨ।
ਇੱਕ ਹੋਰ ਘਟਨਾ ਵਿੱਚ 12 ਸਤੰਬਰ ਨੂੰ ਰਾਜਾਸਾਂਸੀ ਵਿਖੇ ਏ ਐੱਸ ਆਈ ਜਸਵੰਤ ਸਿੰਘ 'ਤੇ ਗੋਲੀ ਚਲਾਈ ਗਈ ਸੀ ਪਰ ਉਹ ਬਚ ਗਿਆ ਸੀ। 4-5 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਜਨਾਲਾ ਦੇ ਜਗਦੇਵ ਖੁਰਦ ਨੇੜੇ ਸਰਕਾਰੀ ਰੇਲਵੇ ਪੁਲੀਸ (GRP) ਦੇ ਏ ਐੱਸ ਆਈ ਸੁਖਚੈਨ ਸਿੰਘ ਦੀ ਖੱਬੀ ਬਾਂਹ 'ਤੇ ਗੋਲੀ ਲੱਗੀ ਸੀ।
ਇਸ ਤਾਜ਼ਾ ਕਤਲ ਨਾਲ ਪੁਲੀਸ ਮੁਲਾਜ਼ਮਾਂ, ਖਾਸ ਕਰਕੇ ਆਪਣੇ ਕੰਮ ਵਾਲੀ ਥਾਂ ਤੋਂ ਬਾਹਰ ਸਫ਼ਰ ਕਰਨ ਵਾਲੇ ਜਾਂ ਫੀਲਡ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋਰ ਵਧਣ ਦੀ ਸੰਭਾਵਨਾ ਹੈ।
ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨੇ ਜ਼ਿੰਮੇਵਾਰੀ ਲਈ
ਕਤਲ ਤੋਂ ਕੁਝ ਘੰਟਿਆਂ ਬਾਅਦ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਪ੍ਰਭ ਦਾਸੂਵਾਲ, ਡੋਨੀ ਬੱਲ, ਮੁਹੱਬਤ ਰੰਧਾਵਾ, ਅਫਰੀਦੀ ਟੁੱਟ ਅਤੇ ਸ਼ਗਨਪ੍ਰੀਤ ਦੇ ਨਾਂ ਨਾਲ ਜੁੜੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਏ ਐੱਸ ਆਈ ਵਿਦੇਸ਼ ਵਿੱਚ ਬੈਠੇ ਗੈਂਗਸਟਰ ਤੋਂ ਅਤਿਵਾਦੀ ਬਣੇ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਦੀ ਮਦਦ ਕਰ ਰਿਹਾ ਸੀ। ਗੈਂਗਸਟਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਏ ਅਸ਼ਵਨੀ ਸਰਪੰਚ ਦੇ ਕਤਲ ਨਾਲ ਉਨ੍ਹਾਂ ਦਾ ਜਾਣਬੁੱਝ ਕੇ ਨਾਂ ਜੋੜਿਆ ਗਿਆ ਹੈ, ਜਦਕਿ ਉਨ੍ਹਾਂ ਦਾ ਇਸ ਕਤਲ ਨਾਲ ਕੋਈ ਸਬੰਧ ਨਹੀਂ ਹੈ।

