ASI Murder Case: ਪੁਲੀਸ ਨੇ ਖੰਘਾਲੇ CCTV, ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ
ਭਗਤਾਂਵਾਲਾ ਦਾਣਾ ਮੰਡੀ ’ਚ ਸਕੂਟਰ ’ਤੇ ਫ਼ਰਾਰ ਹੁੰਦੇ ਨਜ਼ਰ ਆਏ ਦੋ ਸ਼ੱਕੀ; ਪੁਲੀਸ ਵੱਲੋਂ ਜੁੱਧ ਪੱਧਰ ’ਤੇ ਜਾਂਚ ਜਾਰੀ
ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਹਰਜੀਤ ਸਿੰਘ ਦੇ ਚਰਚਿਤ ਕਤਲ ਕਾਂਡ ਤੋਂ 24 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਹੱਥ ਹਾਲੇ ਤੱਕ ਕੋਈ ਠੋਸ ਸੁਰਾਗ ਨਹੀਂ ਲੱਗ ਸਕਿਆ ਹੈ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਪੜਤਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀਆਂ ਹਨ।
ਮੁੱਢਲੀ ਜਾਂਚ ਅਨੁਸਾਰ ਘਟਨਾ ਵਿੱਚ ਸ਼ਾਮਲ ਦੋ ਸਿੱਖ ਨੌਜਵਾਨ ਭਗਤਾਂਵਾਲਾ ਦਾਣਾ ਮੰਡੀ ਤੋਂ ਰਾਤ ਕਰੀਬ 12:32 ਵਜੇ ਸਕੂਟਰ ’ਤੇ ਫ਼ਰਾਰ ਹੁੰਦੇ ਦੇਖੇ ਗਏ ਹਨ। ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸ਼ੱਕੀ ਤਰਨ ਤਾਰਨ ਵੱਲ ਫ਼ਰਾਰ ਹੋਏ ਹੋ ਸਕਦੇ ਹਨ, ਹਾਲਾਂਕਿ ਪੁਲੀਸ ਅਧਿਕਾਰੀ ਜਾਂਚ ਦੇ ਮੁੱਦੇ ’ਤੇ ਚੁੱਪ ਵੱਟੀ ਬੈਠੇ ਹਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪੁੱਜੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡੀ.ਜੀ.ਪੀ. ਅਨੁਸਾਰ ਏ.ਐੱਸ.ਆਈ. ਨੂੰ ਬਹੁਤ ਨਜ਼ਦੀਕ ਤੋਂ ਗਰਦਨ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰੀ ਗਈ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਥਾਨ ਤੋਂ .30 ਬੋਰ ਦਾ ਖੋਲ ਬਰਾਮਦ ਹੋਇਆ ਹੈ। ਥਾਣਾ ਗੇਟ ਹਕੀਮਾ ਨਾਲ ਸਬੰਧਤ ਏ.ਐੱਸ.ਆਈ. ਹਰਜੀਤ ਸਿੰਘ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਮੰਡੀ ਵਿੱਚ ਡਿਊਟੀ ’ਤੇ ਤਾਇਨਾਤ ਸੀ, ਜਦੋਂ ਉਸ ’ਤੇ ਇਹ ਹਮਲਾ ਹੋਇਆ।
ਇਸ ਘਟਨਾ ਨੇ ਮੰਡੀ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਸੁਰੱਖਿਆ ਲਈ ਉਨ੍ਹਾਂ ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ 3 ਸਤੰਬਰ ਤੋਂ ਦਿਨ-ਰਾਤ ਦੀ ਡਿਊਟੀ ਲਈ 6 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੁਲੀਸ ਮੁਲਾਜ਼ਮਾਂ ’ਤੇ ਹਮਲਿਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਦੋਰੰਗਲਾ ਵਿੱਚ ਦੋ ਪੁਲੀਸ ਕਾਮਿਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਦਕਿ ਅੰਮ੍ਰਿਤਸਰ ਸ਼ਹਿਰੀ ਪੁਲੀਸ ਦੇ ਏ.ਐੱਸ.ਆਈ. ਜੋਗਾ ਸਿੰਘ ਦੀ ਮਜੀਠਾ ਅਤੇ ਏ.ਐੱਸ.ਆਈ. ਜਸਵੰਤ ਸਿੰਘ ’ਤੇ ਰਾਜਾਸਾਂਸੀ ਵਿੱਚ ਫਾਇਰਿੰਗ ਹੋ ਚੁੱਕੀ ਹੈ। ਹਾਲਾਂਕਿ ਇੱਕ ਗੁੰਮਨਾਮ ਸੰਗਠਨ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਨੇ ਪਿਛਲੇ ਤਿੰਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ, ਪਰ ਪੁਲੀਸ ਹਰੇਕ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ।

