ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 20 ਸਤੰਬਰ
ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਢੋਟੀਆਂ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਦੀ ਬਰਾਂਚ ਨੂੰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਜੋ ਕਿ ਪੁਲੀਸ ਕੰਟਰੋਲ ਰੂਮ ਦੇ ਇਕ ਮੁਲਾਜ਼ਮ ਦੀ ਬਹਾਦਰੀ ਕਾਰਨ ਅਸਫ਼ਲ ਹੋ ਗਈ। ਇਸ ਦੌਰਾਨ ਬੈਂਕ ਲੁੱਟਣ ਦੀ ਮਨਸ਼ਾ ਨਾਲ ਬੈਂਕ ਵਿੱਚ ਦਾਖ਼ਲ ਹੋਏ ਲੁਟੇਰਿਆਂ ਦਾ ਡਿਊਟੀ ’ਤੇ ਤਾਇਨਾਤ ਪੀਸੀਆਰ ਪੁਲੀਸ ਮੁਲਾਜ਼ਮ ਬਲਵਿੰਦਰ ਸਿੰਘ ਨਾਲ ਸਾਹਮਣਾ ਹੋ ਗਿਆ। ਇਸ ਦੌਰਾਨ ਲੁਟੇਰਿਆਂ ਨਾਲ ਹੋਈ ਝੜਪ ਵਿੱਚ ਲੁਟੇਰੇ ਨੇ ਪੁਲੀਸ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਹਥਿਆਰਬੰਦ ਨਕਾਬਪੋਸ਼ ਲੁਟੇਰੇ ਪਿੰਡ ਢੋਟੀਆਂ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵਿੱਚ ਦਾਖ਼ਲ ਹੋਏ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਤਿੰਨ ਲੁਟੇਰੇ ਬੈਂਕ ਅੰਦਰ ਦਾਖ਼ਲ ਹੋਏ ਜਦਕਿ ਇੱਕ ਬਾਹਰ ਇੰਤਜ਼ਾਰ ਕਰ ਰਿਹਾ ਸੀ। ਤਿੰਨੋਂ ਲੁਟੇਰਿਆਂ ਕੋਲ ਪਿਸਤੌਲ ਸਨ। ਇਸ ਦੌਰਾਨ ਪੀਸੀਆਰ ਦੇ ਮੋਟਰਸਾਈਕਲ ’ਤੇ ਤਾਇਨਾਤ ਬਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਕਰਮਚਾਰੀ ਵੱਲੋਂ ਮੌਕੇ ’ਤੇ ਪੁੱਜ ਕੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ।
ਇਸ ਦੌਰਾਨ ਮੁਲਜ਼ਮਾਂ ਨੇ ਪੁਲੀਸ ਕਰਮਚਾਰੀ ਨਾਲ ਹੱਥੋਪਾਈ ਕੀਤੀ ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਮੁਲਾਜ਼ਮ ਬਲਵਿੰਦਰ ਸਿੰਘ ਦੇ ਦੋ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਚਾਰੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਐੱਸਪੀ (ਡੀ) ਵਿਸ਼ਾਲਜੀਤ ਸਿੰਘ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਮੁਲਜ਼ਮਾਂ ਦੀ ਭਾਲ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਖ਼ਮੀ ਪੁਲੀਸ ਮੁਲਾਜ਼ਮ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਤਰਨ ਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਦੁਕਾਨ ’ਚੋਂ 60 ਹਜ਼ਾਰ ਲੁੱਟੇ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਇੱਥੇ ਵੱਲਾ ਬਾਈਪਾਸ ’ਤੇ ਇੱਕ ਦਵਾਈਆਂ ਦੀ ਦੁਕਾਨ ’ਚੋਂ ਲੁਟੇਰੇ ਪਿਸਤੌਲ ਦੀ ਨੋਕ ’ਤੇ ਲਗਪਗ 60 ਹਜ਼ਾਰ ਰੁਪਏ ਤੇ ਹੋਰ ਸਾਮਾਨ ਲੁੱਟ ਕੇ ਲੈ ਗਏ। ਇਸ ਦੌਰਾਨ ਪਤਾ ਲੱਗਾ ਹੈ ਕਿ ਅੱਜ ਪੁਲੀਸ ਨੇ ਇਸ ਸਬੰਧ ਵਿੱਚ ਇਕ ਵਿਅਕਤੀ ਨੂੰ ਕਾਬੂ ਵੀ ਕਰ ਲਿਆ ਹੈ ਅਤੇ ਉਸ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲੀਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਲੁੱਟ ਦੀ ਇਹ ਘਟਨਾ ਬੀਤੀ ਰਾਤ ਉਸ ਵੇਲੇ ਵਾਪਰੀ ਜਦੋਂ ਦੁਕਾਨ ਬੰਦ ਕੀਤੀ ਜਾ ਰਹੀ ਸੀ। ਦੁਕਾਨਦਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਉਹ ਮੋਟਰਸਾਈਕਲਾਂ ’ਤੇ ਆਏ ਸਨ। ਉਨ੍ਹਾਂ ਦੇ ਕੁਝ ਸਾਥੀ ਦੁਕਾਨ ਦੇ ਬਾਹਰ ਖੜ੍ਹੇ ਰਹੇ ਜਦਕਿ ਤਿੰਨ ਲੁਟੇਰੇ ਦੁਕਾਨ ਦੇ ਅੰਦਰ ਆਏ ਜਿਨ੍ਹਾਂ ਕੋਲ ਹਥਿਆਰ ਸਨ। ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦੁਕਾਨ ਵਿੱਚ ਰੱਖੇ 45 ਹਜ਼ਾਰ ਰੁਪਏ ਅਤੇ ਉਸ ਦੇ ਪਰਸ ਵਿੱਚੋਂ 10,000 ਰੁਪਏ ਖੋਹ ਲਏ। ਲੁਟੇਰੇ ਦੁਕਾਨ ਵਿੱਚੋਂ ਕੁਝ ਸਮਾਨ ਵੀ ਚੁੱਕ ਕੇ ਲੈ ਗਏ। ਉਸ ਨੇ ਆਖਿਆ ਕਿ ਜਿਸ ਥਾਂ ’ਤੇ ਲੁੱਟ ਦੀ ਘਟਨਾ ਵਾਪਰੀ ਉੱਥੋਂ ਪੁਲੀਸ ਚੌਕੀ ਕੁੱਝ ਹੀ ਕਦਮਾਂ ’ਤੇ ਹੈ। ਦੁਕਾਨਦਾਰ ਨੇ ਮੰਗ ਕੀਤੀ ਕਿ ਪੁਲੀਸ ਨੂੰ ਰਾਤ ਵੇਲੇ ਗਸ਼ਤ ਵਧਾਉਣੀ ਚਾਹੀਦੀ ਹੈ।