Amritsar: 8.3 ਕਿਲੋਗ੍ਰਾਮ ਹੈਰੋਇਨ ਤੇ 2 ਲੱਖ ਦੀ ਡਰੱਗ ਮਨੀ ਸਮੇਤ ਦੋ ਕਾਬੂ, ਇੱਕ ਨਾਬਾਲਗ ਵੀ ਸ਼ਾਮਲ
ਮੁਲਜ਼ਮ ਸਰਹੱਦ ਪਾਰ ਦੇ ਤਸਕਰਾਂ ਦੇ ਇਸ਼ਾਰੇ 'ਤੇ ਕਰ ਰਹੇ ਸਨ ਕੰਮ : DGP
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਇੱਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ 8.378 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵ (28), ਵਾਸੀ ਪਿੰਡ ਖਾਸਾ (ਅੰਮ੍ਰਿਤਸਰ) ਵਜੋਂ ਹੋਈ ਹੈ, ਜਦਕਿ ਦੂਜਾ ਮੁਲਜ਼ਮ ਇੱਕ ਨਾਬਾਲਗ ਹੈ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਸਰਹੱਦ ਪਾਰ ਦੇ ਤਸਕਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਅੱਗੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਪਛਾਣ ਕਰਕੇ ਪੂਰੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ।
ਉੱਥੇ ਹੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮ ਲਵਪ੍ਰੀਤ ਉਰਫ਼ ਲਵ ਨੂੰ ਉਸ ਦੇ ਨਾਬਾਲਗ ਸਾਥੀ ਸਮੇਤ ਸ਼ੁਰੂ ਵਿੱਚ 2 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਾਬਾਲਗ ਮੁਲਜ਼ਮ ਦੇ ਖੁਲਾਸਿਆਂ ਦੇ ਆਧਾਰ 'ਤੇ ਪੁਲੀਸ ਟੀਮਾਂ ਨੇ ਹੋਰ 3.01 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ, ਜਿਸ ਨਾਲ ਇਸ ਮਾਮਲੇ ਵਿੱਚ ਕੁੱਲ ਬਰਾਮਦਗੀ 5.01 ਕਿਲੋਗ੍ਰਾਮ ਹੋ ਗਈ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਹੱਦ ਪਾਰ ਵਾਲਾ ਉਕਤ ਤਸਕਰ ਇੱਕ ਹੋਰ ਸਮੱਗਲਿੰਗ ਗਿਰੋਹ ਚਲਾ ਰਿਹਾ ਹੈ। ਜਾਂਚ ਦੌਰਾਨ ਮਿਲੀ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਇੱਕ ਨਿਸ਼ਚਿਤ ਸਥਾਨ ਤੋਂ 3.368 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮਾਮਲਾ ਥਾਣਾ ਛੇਹਰਟਾ ਵਿਖੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ 21, 21-ਸੀ, 25 ਅਤੇ 29 ਤਹਿਤ ਅਤੇ ਦੂਜਾ ਮਾਮਲਾ ਥਾਣਾ ਇਸਲਾਮਾਬਾਦ ਵਿਖੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਦਰਜ ਕੀਤਾ ਗਿਆ ਹੈ।

