Amritsar Police ਨੇ ਫਿਰੌਤੀ ਮੰਗਣ ਵਾਲੇ ਗੈਂਗ ਦਾ ਕੀਤਾ ਪਰਦਾਫਾਸ਼; 3 ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਜਬਰਨ ਉਗਰਾਹੀ ਅਤੇ ਹਥਿਆਰਬੰਦ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੂੰ ਕਥਿਤ ਤੌਰ 'ਤੇ ਯੂਰਪ ਵਿੱਚ ਬੈਠੇ ਹੈਂਡਲਰ ਚਲਾ ਰਹੇ ਸਨ। ਪੁਲੀਸ ਵੱਲੋਂ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ,...
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਜਬਰਨ ਉਗਰਾਹੀ ਅਤੇ ਹਥਿਆਰਬੰਦ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੂੰ ਕਥਿਤ ਤੌਰ 'ਤੇ ਯੂਰਪ ਵਿੱਚ ਬੈਠੇ ਹੈਂਡਲਰ ਚਲਾ ਰਹੇ ਸਨ।
ਪੁਲੀਸ ਵੱਲੋਂ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ, ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਲੁੱਟ-ਖੋਹਾਂ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦੇਵ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਪਾਰਸਦੀਪ ਸਿੰਘ ਵਜੋਂ ਹੋਈ ਹੈ।
ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦੀ 'ਜ਼ਿਗਾਨਾ' (zigana) ਪਿਸਤੌਲ, ਅੱਠ ਜ਼ਿੰਦਾ ਕਾਰਤੂਸ, ਇੱਕ ਥਾਰ, ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।
ਇਹ ਗ੍ਰਿਫ਼ਤਾਰੀਆਂ ਇੱਥੋਂ ਦੇ ਲੋਹਾਰਕਾ ਰੋਡ 'ਤੇ ਇੱਕ ਪੈਟਰੋਲ ਪੰਪ 'ਤੇ ਹੋਈ ਗੋਲੀਬਾਰੀ ਅਤੇ ਲੁੱਟ-ਖੋਹ ਦੀ ਘਟਨਾ ਦੀ ਜਾਂਚ ਦੌਰਾਨ ਕੀਤੀਆਂ ਗਈਆਂ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ 'ਤੇ 22 ਮਈ ਨੂੰ ਰਾਤ ਕਰੀਬ 1 ਵਜੇ ਪੈਟਰੋਲ ਪੰਪ 'ਤੇ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋਣ ਤੋਂ ਪਹਿਲਾਂ ਬੰਦੂਕ ਦੀ ਨੋਕ 'ਤੇ ਕਰੀਬ 25,000 ਰੁਪਏ ਲੁੱਟ ਲਏ।
ਉਨ੍ਹਾਂ ਕਿਹਾ ਕਿ ਜਾਂਚ ਅਨੁਸਾਰ ਇਹ ਗੈਂਗ ਯੂਰਪ ਵਿੱਚ ਬੈਠੇ ਹੈਂਡਲਰ ਜੱਜਬੀਰ ਸਿੰਘ ਉਰਫ਼ ਕਰਨ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ, ਜੋ ਕਥਿਤ ਤੌਰ 'ਤੇ ਗੈਂਗਸਟਰ ਡੋਨੀ ਬਾਲ ਅਤੇ ਪ੍ਰਭ ਦਾਸੂਵਾਲ ਨਾਲ ਜੁੜਿਆ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਉਸ ਵੱਲੋਂ ਸਾਥੀਆਂ ਰਾਹੀਂ ਫਿਰੌਤੀ ਲਈ ਫ਼ੋਨ ਕੀਤੇ ਜਾ ਰਹੇ ਸਨ, ਜਦੋਂ ਕਿ ਟਾਰਗੇਟ (ਨਿਸ਼ਾਨੇ) ਦੀ ਪਛਾਣ ਕਰਕੇ ਮੋਬਾਈਲ ਐਪਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਸੀ।
ਪੁੱਛਗਿੱਛ ਦੌਰਾਨ ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਪੰਜਾਬ ਭਰ ਵਿੱਚ ਗੋਲੀਬਾਰੀ ਦੇ ਕਈ ਹਮਲਿਆਂ ਅਤੇ ਹਥਿਆਰਬੰਦ ਲੁੱਟਾਂ-ਖੋਹਾਂ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ।
ਪੁਲੀਸ ਨੇ ਇਸ ਗੈਂਗ ਨੂੰ ਘੱਟੋ-ਘੱਟ ਸੱਤ ਅਪਰਾਧਿਕ ਘਟਨਾਵਾਂ ਨਾਲ ਜੋੜਿਆ ਹੈ, ਜਿਸ ਵਿੱਚ ਤਰਨਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਘਰਾਂ, ਵਪਾਰਕ ਅਦਾਰਿਆਂ ਅਤੇ ਪੈਟਰੋਲ ਪੰਪਾਂ 'ਤੇ ਕੀਤੇ ਗਏ ਹਮਲੇ ਸ਼ਾਮਲ ਹਨ।
ਸੁਲਝਾਈਆਂ ਗਈਆਂ ਮੁੱਖ ਘਟਨਾਵਾਂ ਵਿੱਚ ਗੋਇੰਦਵਾਲ ਸਾਹਿਬ ਦੇ ਨੇੜੇ ਘਰਾਂ ਦੇ ਬਾਹਰ ਗੋਲੀਬਾਰੀ, ਰਈਆ ਵਿੱਚ ਇੱਕ ਦੁਕਾਨ 'ਤੇ ਬੰਦੂਕ ਨਾਲ ਹਮਲਾ ਅਤੇ ਫ਼ਿਰੋਜ਼ਪੁਰ ਦੇ ਕਮਾਲਗੜ੍ਹ ਪਿੰਡ ਵਿੱਚ ਹੋਇਆ ਇੱਕ ਹਮਲਾ ਸ਼ਾਮਲ ਹੈ।
