ਕਾਊਂਟਰ ਇੰਟੈਲੀਜੈਂਸ ਪੁਲੀਸ ਅੰਮ੍ਰਿਤਸਰ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧਿਕ ਗਠਜੋੜ ਦਾ ਪਰਦਾਫ਼ਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 20 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ (X) ’ਤੇ ਇਸ ਦਾ ਖ਼ੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਰਹੱਦ ਪਾਰ ਤਸਕਰਾਂ ਨਾਲ ਜੁੜੇ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਉਹ ਕਥਿਤ ਤੌਰ ’ਤੇ ਸਰਹੱਦੀ ਖੇਤਰ ਵਿੱਚ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਦੂਜੀਆਂ ਧਿਰਾਂ ਨੂੰ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ।
ਇਸ ਸਬੰਧ ਵਿੱਚ ਐੱਨ.ਡੀ.ਪੀ.ਐੱਸ. (NDPS) ਐਕਟ ਦੇ ਤਹਿਤ ਪੁਲੀਸ ਸਟੇਸ਼ਨ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ ਇੱਕ ਐੱਫ਼.ਆਈ.ਆਰ. (FIR) ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੂਰੇ ਨੈੱਟਵਰਕ ਦੀ ਪਛਾਣ ਕਰਨ ਅਤੇ ਪਹਿਲਾਂ ਬੇਨਕਾਬ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਡਿਊਲਾਂ ਨਾਲ ਸੰਭਾਵਿਤ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

