Amritsar Pathankot Highway Accident: ਕਲੇਰ ਖੁਰਦ ਚੌਂਕ ਨੇੜੇ ਟੂਰਿਸਟ ਬੱਸ ਪਲਟੀ, ਦੋ ਵਿਦਿਆਰਥੀਆਂ ਦੀ ਮੌਤ
ਦੋਵੇਂ ਮ੍ਰਿਤਕ ਗਲੋਬਲ ਗਰੁੱਪ ਆਫ ਇੰਸਟੀਟਿਊਟ ਦੇ ਸਨ ਵਿਦਿਆਰਥੀ: ਛੇ ਤੋਂ ਸੱਤ ਜ਼ਖ਼ਮੀ ਜ਼ੇਰੇ ਇਲਾਜ
ਇੱਥੇ ਨੈਸ਼ਨਲ ਹਾਈਵੇ ਪਠਾਨਕੋਟ- ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਉੱਪਰ ਬਟਾਲਾ ਰੋਡ ,ਤੇ ਸਤਸੰਗ ਘਰ ਬਿਆਸ ਧਾਰੀਵਾਲ ਦੇ ਨੇੜੇ ਕਲੇਰ ਖੁਰਦ ਚੌਂਕ ਕੋਲ ਅੱਜ ਸਵੇਰੇ ਇੱਕ ਟੂਰਿਸਟ ਬੱਸ ਦੇ ਪਲਟ ਜਾਣ ਕਾਰਨ ਹੋਏ ਭਿਆਨਕ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਦੋ ਨੌਜਵਾਨ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 6 ਤੋਂ 7 ਹੋਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਕੀ ਕਈਆਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਨਾਲ ਹੀ ਬੱਸ ਦਾ ਭਾਰੀ ਨੁਕਸਾਨ ਹੋਇਆ।
ਮ੍ਰਿਤਕਾਂ ਦੀ ਸ਼ਨਾਖਤ ਅਖਿਲ ਪਾਂਡੂ ਪੁੱਤਰ ਸਤੀਸ਼ ਪਾਂਡੂ, ਵਾਸੀ ਪਿੰਡ ਕਾਲਾ ਕੋਟ, ਰਜੌਰੀ (ਜੰਮੂ ਕਸ਼ਮੀਰ) ਅਤੇ ਨਿਤਿਨ ਕੁਮਾਰ ਪੁੱਤਰ ਕਾਲੂ ਰਾਮ ਵਾਸੀ ਬਾਲਾਵਾਲ, ਕਠੂਆ (ਜੰਮੂ ਕਸ਼ਮੀਰ) ਵਜੋਂ ਹੋਈ ਹੈ।
ਦੋਵੇਂ ਮ੍ਰਿਤਕ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਬੀ.ਟੈਕ (B.Tech) ਦੇ ਵਿਦਿਆਰਥੀ ਦੱਸੇ ਜਾ ਰਹੇ ਹਨ ਅਤੇ ਫਾਈਨਲ ਸਮੈਸਟਰ ਦੇ ਪੇਪਰ ਖ਼ਤਮ ਹੋਣ ਮਗਰੋਂ ਅੱਜ ਉਹ ਹੋਸਟਲ ਵਿੱਚੋਂ ਆਪਣੇ ਘਰਾਂ ਨੂੰ ਵਾਪਸ ਇਸ ਟੂਰਿਸਟ ਬਸ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਮਹਾਰਾਜ ਟਰੈਵਲ ਟੂਰਿਸਟ ਬੱਸ ਨੰਬਰ ਜੇ ਕੇ 02 ਡੀ.ਐਸ 8849 ਜੋ ਕਿ ਅੰਮ੍ਰਿਤਸਰ ਤੋਂ ਜੰਮੂ ਨੂੰ ਜਾਂਦੇ ਸਮੇਂ ਨੈਸ਼ਨਲ ਹਾਈਵੇ ਉੱਪਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਅੱਗੇ ਸਤਸੰਗ ਘਰ ਬਿਆਸ ਧਾਰੀਵਾਲ ਦੇ ਨੇੜੇ ਕਲੇਰ ਖੁਰਦ ਚੌਂਕ ਟੱਪੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਸ ਏਨੀ ਤੇਜ਼ੀ ਨਾਲ ਪਲਟੀ ਕੇ ਬੱਸ ਪਿਛਲੇ ਪਾਸੇ ਨੂੰ ਮੁੜ ਗਈ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਗਲੋਬਲ ਗਰੁੱਪ ਆਫ ਇੰਸਟੀਚਿਊਟ ਅੰਮ੍ਰਿਤਸਰ ਦੇ ਦੋ ਵਿਦਿਆਰਥੀਆਂ ਅਖਿਲ ਪਾਂਡੂ ਪੁੱਤਰ ਸਤੀਸ਼ ਪਾਂਡੂ, ਵਾਸੀ ਪਿੰਡ ਕਾਲਾ ਕੋਟ, ਰਜੌਰੀ (ਜੰਮੂ ਕਸ਼ਮੀਰ) ਅਤੇ ਨਿਤਿਨ ਕੁਮਾਰ ਪੁੱਤਰ ਕਾਲੂ ਰਾਮ ਵਾਸੀ ਬਾਲਾਵਾਲ, ਕਠੂਆ (ਜੰਮੂ ਕਸ਼ਮੀਰ) ਦੀ ਮੌਕੇ ਤੇ ਮੌਤ ਹੋ ਗਈ ਅਤੇ ਬਾਕੀ ਸਵਾਰੀਆਂ ਵਿੱਚੋਂ 6/7 ਜਾਣੇ ਗੰਭੀਰ ਜ਼ਖਮੀ ਹੋ ਗਏ ਅਤੇ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗੰਭੀਰ ਜਖ਼ਮੀਆਂ ਨੂੰ ਤੁਰੰਤ ਬਟਾਲਾ ਅਤੇ ਗੁਰਦਾਸਪੁਰ ਦੇ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚਾਇਆ ਗਿਆ।
ਮੌਕੇ ’ਤੇ ਪਹੁੰਚੀ ਸਬੰਧਤ ਥਾਣਾ ਸੇਖਵਾਂ ਦੀ ਪੁਲੀਸ ਵੱਲੋਂ ਵਿਭਾਗੀ ਕਾਰਵਾਈ ਕਰਦਿਆਂ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ। ਇਸ ਹਾਦਸੇ ਦੌਰਾਨ ਬਟਾਲਾ ਸਾਈਡ ਤੋਂ ਆ ਰਹੀਆਂ ਇੱਕ ਮਹਿੰਦਰਾ ਪੇਕਅਪ ਗੱਡੀ, ਇੱਕ ਫੋਰਚੂਨਰ ਗੱਡੀ ਅਤੇ ਟਵੇਰਾ ਗੱਡੀ ਵੀ ਉਸ ਪਲਟੀ ਹੋਈ ਟੂਰਿਸਟ ਬੱਸ ਵਿੱਚ ਅਚਾਨਕ ਵੱਜਣ ਨਾਲ ਕਾਫੀ ਨੁਕਸਾਨ ਗਈਆਂ, ਪਰ ਇਹਨਾਂ ਤਿੰਨਾਂ ਗੱਡੀਆਂ ਵਿੱਚ ਬੈਠੇ ਵਿਅਕਤੀ ਵਾਲ-ਵਾਲ ਬਚ ਗਏ।

