Amritsar Operation CASO: ਵੇਰਕਾ ’ਚ ਸਰਚ ਅਪਰੇਸ਼ਨ ਦੌਰਾਨ 13 ਵਿਅਕਤੀਆਂ ਖਿਲਾਫ ਕਾਰਵਾਈ
2 ਖਿਲਾਫ ਮਾਮਲਾ ਦਰਜ; 5 ਜਣੇ ਨਸ਼ਾ ਛੁਡਾਊ ਕੇਂਦਰ ਭੇਜੇ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਅੱਜ ਤੜਕੇ ਜ਼ੋਨ-3, ਈਸਟ ਸਬ-ਡਿਵੀਜ਼ਨ ਦੇ ਥਾਣਾ ਵੇਰਕਾ ਅਧੀਨ ਪੈਂਦੇ ਪੱਤੀ ਬੱਗੇ ਵਾਲੀ ਇਲਾਕੇ ਵਿੱਚ ਵਿਸ਼ੇਸ਼ ਸਰਚ ਅਪਰੇਸ਼ਨ ਚਲਾਇਆ। ਇਸ ਕਾਰਵਾਈ ਦੌਰਾਨ ਪੁਲੀਸ ਨੇ 13 ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਅਤੇ ਐਨਡੀਪੀਐਸ ਐਕਟ ਤਹਿਤ 2 ਮਾਮਲੇ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ, ਨਸ਼ੇ ਦੀ ਲਤ ਤੋਂ ਪੀੜਤ 5 ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਭੇਜਿਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਸਿਟੀ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਸਰਚ ਅਪਰੇਸ਼ਨ ਦੌਰਾਨ ਪੁਲੀਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰੀ ਨਾਲ ਜੁੜੀਆਂ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਲਾਕੇ ਵਿੱਚ ਨਸ਼ਿਆਂ ਦੀ ਸਪਲਾਈ ਲੜੀ (ਚੇਨ) ਅਤੇ ਇਸ ਵਿੱਚ ਸ਼ਾਮਲ ਲੋਕਾਂ ਬਾਰੇ ਵੀ ਅਹਿਮ ਜਾਣਕਾਰੀ ਇਕੱਠੀ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਚੁੱਕੇ 5 ਵਿਅਕਤੀਆਂ ਨੂੰ ਇਲਾਜ ਅਤੇ ਮੁੜ-ਵਸੇਬੇ (ਪੁਨਰਵਾਸ) ਲਈ ਡੀ-ਐਡੀਕਸ਼ਨ ਕੇਂਦਰ ਭੇਜ ਦਿੱਤਾ ਗਿਆ ਹੈ। ਪੁਲੀਸ ਦਾ ਮਕਸਦ ਨਸ਼ਾ ਤਸਕਰਾਂ ’ਤੇ ਸਖ਼ਤੀ ਕਰਨ ਦੇ ਨਾਲ-ਨਾਲ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣਾ ਵੀ ਹੈ।
ਡੀਸੀਪੀ ਨੇ ਸਪੱਸ਼ਟ ਕੀਤਾ ਕਿ ਕਮਿਸ਼ਨਰੇਟ ਪੁਲੀਸ ਵੱਲੋਂ ਚਲਾਇਆ ਜਾ ਰਿਹਾ 'ਕਾਸੋ' (ਕਾਰਡੋਨ ਐਂਡ ਸਰਚ ਅਪਰੇਸ਼ਨ) ਅੱਗੇ ਵੀ ਲਗਾਤਾਰ ਅਤੇ ਹੋਰ ਮਜ਼ਬੂਤੀ ਨਾਲ ਜਾਰੀ ਰਹੇਗਾ। ਸ਼ੱਕੀ ਇਲਾਕਿਆਂ ਵਿੱਚ ਲਗਾਤਾਰ ਚੈਕਿੰਗ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

