Amritsar IED: ਅੰਮ੍ਰਿਤਸਰ ਵਿਚ ਪੁਲੀਸ ਅਦਾਰੇ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ; ਆਈ ਈ ਡੀ ਬਰਾਮਦ
ਇਲੈਕਟ੍ਰਾਨਿਕ ਡੈਟੋਨੇਟਰ ਤੇ ਹੋਰ ਪਦਾਰਥ ਵੀ ਬਰਾਮਦ
Amritsar IED: ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੇ ਨਾਲ-ਨਾਲ ਇੱਕ ਇਲੈਕਟ੍ਰਾਨਿਕ ਡੈਟੋਨੇਟਰ, ਬੈਟਰੀ, ਟਾਈਮਰ ਅਤੇ ਲੋਹੇ ਦਾ ਬਾਕਸ ਬਰਾਮਦ ਕੀਤਾ ਹੈ ਜਿਸ ਨਾਲ ਪੁਲੀਸ ਅਦਾਰੇ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਦਹਿਸ਼ਤੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਇਸ ਪੈਕੇਟ ਦਾ ਵਜ਼ਨ 690 ਗ੍ਰਾਮ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਵਿਸਫੋਟਕ ਸਮੱਗਰੀ ਨੂੰ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸੰਭਾਲਿਆ ਅਤੇ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਨਕਾਰਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜਨਤਕ ਸੁਰੱਖਿਆ ਲਈ ਸੰਭਾਵੀ ਖ਼ਤਰੇ ਨੂੰ ਟਾਲ ਦਿੱਤਾ ਹੈ। ਇਸ ਸਾਜ਼ਿਸ਼ ਨੂੰ ਰਚਣ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੈਕਿੰਗ ਪੁਆਇੰਟਾਂ ’ਤੇ ਪਹਿਲਾਂ ਹੀ ਜਾਂਚ ਤੇਜ਼ ਕਰ ਦਿੱਤੀ ਗਈ ਸੀ ਅਤੇ ਸਰਕਾਰੀ ਅਦਾਰਿਆਂ ’ਤੇ ਵੀ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ 15-16 ਅਗਸਤ ਦੀ ਰਾਤ ਨੂੰ, ਜਦੋਂ ਏਐਸਆਈ ਕੁਲਬੀਰ ਸਿੰਘ ਰਾਤ ਸਮੇਂ ਗਸ਼ਤ ਕਰ ਰਹੇ ਸਨ ਤਾਂ ਪੁਲੀਸ ਚੌਕੀ ਗੱਗੋਮਾਹਲ ਦੇ ਅਧਿਕਾਰ ਖੇਤਰ ਵਿੱਚ ਇੱਕ ਸ਼ੱਕੀ ਕਾਲੇ ਰੰਗ ਦਾ ਪੈਕੇਟ ਮਿਲਿਆ। ਉਨ੍ਹਾਂ ਦੱਸਿਆ ਕਿ ਜਾਂਚ ਕਰਨ 'ਤੇ ਇਸ ਵਿੱਚ ਸ਼ੱਕੀ ਆਈਈਡੀ ਦੇ ਨਾਲ-ਨਾਲ ਇਲੈਕਟ੍ਰਾਨਿਕ ਡੈਟੋਨੇਟਰ, ਇੱਕ ਬੈਟਰੀ, ਇੱਕ ਟਾਈਮਰ ਅਤੇ ਇੱਕ ਲੋਹੇ ਦਾ ਡੱਬਾ ਮਿਲਿਆ। ਉਨਾ ਨੇ ਦੱਸਿਆ ਕਿ ਮੌਕੇ 'ਤੇ ਬੰਬ ਡਿਸਪੋਜ਼ਲ ਸਕੁਐਡ ਨੂੰ ਬੁਲਾਇਆ ਗਿਆ ਅਤੇ ਵਿਸਫੋਟਕ ਸਮੱਗਰੀ ਨੂੰ ਮੌਕੇ 'ਤੇ ਹੀ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਬਚੀਆਂ ਚੀਜ਼ਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ।
ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਾਮਦਾਸ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਦਰਜ ਕੀਤੀ ਗਈ ਹੈ।

